ਬ੍ਰਾਜ਼ੀਲ ''ਚ ਮਿਲਿਆ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ
Friday, Jan 01, 2021 - 05:51 PM (IST)
ਬਿਊਨਸ ਆਇਰਸ- ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਵਿਚ ਮਹਾਮਾਰੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਬ੍ਰਿਟੇਨ ਵਿਚ ਦਸੰਬਰ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਪਾਏ ਗਏ ਕੋਰੋਨਾ ਨੇ ਇਸ ਸਟ੍ਰੇਨ ਦੀ ਹੁਣ ਤੱਕ ਦਰਜਨ ਭਰ ਦੇਸ਼ਾਂ ਵਿਚ ਪੁਸ਼ਟੀ ਹੋ ਚੁੱਕੀ ਹੈ, ਜਿਸ ਵਿਚ ਭਾਰਤ, ਅਮਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਯੂਰਪ ਦੇ ਕਈ ਦੇਸ਼ ਸ਼ਾਮਲ ਹਨ।
ਇਹ ਨਵਾਂ ਕੋਰੋਨਾ ਸਟ੍ਰੇਨ ਪੁਰਾਣੇ ਵਾਇਰਸ ਨਾਲੋਂ 70 ਫ਼ੀਸਦੀ ਤੇਜ਼ ਗਤੀ ਨਾਲ ਫੈਲਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਨੇ ਬ੍ਰਿਟੇਨ ਵਿਚ ਹਾਲ ਹੀ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਬ੍ਰਾਜ਼ੀਲ ਕੋਰੋਨਾ ਵਾਇਰਸ ਦਾ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਜਦਕਿ ਇਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ।
ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਹੁਣ ਤੱਕ 1,93,875 ਲੋਕਾਂ ਦੀ ਮੌਤ ਹੋਈ ਹੈ ਤੇ 76 ਲੱਖ ਤੋਂ ਵੱਧ ਲੋਕ ਵਾਇਰਸ ਦੇ ਸ਼ਿਕਾਰ ਹੋਏ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਲੋਂ ਨਵੇਂ ਸਟ੍ਰੇਨ ਦੇ ਫੈਲਣ ਤੋਂ ਬਾਅਦ ਕਈ ਦੇਸ਼ਾਂ ਨੇ ਵਾਇਰਸ ਦੇ ਨਵੇਂ ਰੂਪ ਦੇ ਪ੍ਰਸਾਰ ਨੂੰ ਰੋਕਣ ਲਈ ਬ੍ਰਿਟੇਨ ਤੋਂ ਆਉਣ ਤੇ ਜਾਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ ਹੈ।