ਕੈਨੇਡਾ : MP ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਕਾਕਸ ''ਚੋਂ ਕੀਤਾ ਗਿਆ ਬਾਹਰ
Tuesday, Jan 26, 2021 - 10:28 AM (IST)
ਨਿਊਯਾਰਕ/ ਟੋਰਾਂਟੋ, ( ਰਾਜ ਗੋਗਨਾ )—ਕੈਨੇਡਾ ਦੀ ਸਿਆਸਤ ਵਿਚ ਕੋਈ ਨਾ ਕੋਈ ਹਲਚਲ ਹੁੰਦੀ ਹੀ ਰਹਿੰਦੀ ਹੈ। ਬੀਤੇ ਦਿਨੀਂ ਮੰਤਰੀ ਨਵਦੀਪ ਬੈਂਸ ਨੇ ਅਸਤੀਫ਼ਾ ਦੇ ਦਿੱਤਾ ਤੇ ਅੱਗੇ ਤੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਤੇ ਹੁਣ ਬਰੈਂਪਟਨ ਤੋਂ ਐੱਮ. ਪੀ. ਰਮੇਸ਼ ਸੰਘਾ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਆਪਣੀ ਹੀ ਪਾਰਟੀ ਦੇ ਹੋਰਨਾਂ ਆਗੂਆਂ ਖ਼ਾਸਕਰ ਨਵਦੀਪ ਸਿੰਘ ਬੈਂਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ਾਂ ਤਹਿਤ ਬਰੈਂਪਟਨ ਦੇ ਲਿਬਰਲ ਐੱਮ. ਪੀ. ਰਮੇਸ਼ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ- ਬਾਈਡੇਨ ਨੇ ਟਰਾਂਸਜੈਂਡਰ ਫ਼ੌਜੀਆਂ 'ਤੇ ਲੱਗੀ ਰੋਕ ਹਟਾਈ, ਬਦਲਿਆ ਟਰੰਪ ਦਾ ਫ਼ੈਸਲਾ
ਪਿਛਲੇ ਦਿਨੀਂ ਟੋਰਾਂਟੋ ਦੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਨਵਦੀਪ ਸਿੰਘ ਬੈਂਸ ਦੇ ਸਬੰਧ ਵਿਚ ਵੱਖਵਾਦੀ ਤਾਕਤਾਂ ਨਾਲ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਸੀ। ਇਨ੍ਹਾਂ ਦੋਸ਼ਾਂ ਨੂੰ ਖ਼ਤਰਨਾਕ ਤੇ ਗੰਭੀਰ ਦੱਸਦਿਆਂ ਲਿਬਰਲ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਰਮੇਸ਼ ਸੰਘਾ ਅਕਸਰ ਹੀ ਇਹੋ ਜਿਹੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੇ ਸਨ ਜੋ ਲਿਬਰਲ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਸਨ।
ਸੰਘਾ ਸਾਬਕਾ ਵਕੀਲ ਹਨ ਜੋ 2015 ਵਿਚ ਲਿਬਰਲ ਪਾਰਟੀ ਵਲੋਂ ਚੋਣ ਜਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਘਾ ਨੂੰ ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਗੱਲ ਕਰਨ ਮਗਰੋਂ ਕਾਕਸ ਵਿਚੋਂ ਹਟਾ ਦਿੱਤਾ ਗਿਆ। ਉਹ ਆਜ਼ਾਦ ਤੌਰ 'ਤੇ ਬਰੈਂਪਟਨ ਦੇ ਐੱਮ. ਪੀ. ਰਹਿਣਗੇ ਪਰ ਉਹ ਲਿਬਰਲ ਕਾਕਸ ਦਾ ਹਿੱਸਾ ਨਹੀਂ ਹੋਣਗੇ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ