ਬ੍ਰਿਟੇਨ ਮਹਾਮਾਰੀ ਦੌਰਾਨ ਸਹਾਇਤਾ ਵਜੋਂ ਭਾਰਤ ਭੇਜ ਸਕਦਾ ਹੈ ਵੈਂਟੀਲੇਟਰ : ਬੋਰਿਸ ਜਾਨਸਨ

Sunday, Apr 25, 2021 - 12:50 PM (IST)

ਬ੍ਰਿਟੇਨ ਮਹਾਮਾਰੀ ਦੌਰਾਨ ਸਹਾਇਤਾ ਵਜੋਂ ਭਾਰਤ ਭੇਜ ਸਕਦਾ ਹੈ ਵੈਂਟੀਲੇਟਰ : ਬੋਰਿਸ ਜਾਨਸਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ ਦੇ ਰਿਕਾਰਡ ਤੋੜ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦਾ ਸਾਹਮਣਾ ਕਰ ਰਹੇ ਦੇਸ਼ ਭਾਰਤ ਦਾ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ। ਇਸ ਸਮੇਂ ਭਾਰਤ ਦੇ ਹਸਪਤਾਲ ਆਕਸੀਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿੱਚ ਦਿੱਕਤ ਹੋ ਰਹੀ ਹੈ।

ਇਸ ਸੰਬੰਧੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਭਾਰਤ ਦੇ ਲੋਕਾਂ ਦੀ ਸੰਭਵ ਤੌਰ 'ਤੇ ਵੈਂਟੀਲੇਟਰਾਂ ਨਾਲ ਸਹਾਇਤਾ ਕਰ ਸਕਦੇ ਹਨ। ਬ੍ਰਿਟਿਸ਼ ਨਿਰਮਾਤਾਵਾਂ ਦੇ ਵੱਡੇ ਯਤਨਾਂ ਸਦਕਾ, ਯੂਕੇ ਹੁਣ ਦੂਜੇ ਦੇਸ਼ਾਂ ਨੂੰ ਵੈਂਟੀਲੇਟਰ ਪਹੁੰਚਾਉਣ ਵਿੱਚ ਸਮਰੱਥ ਹੈ। ਭਾਰਤ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਵਿੱਚ 346,786 ਕੇਸਾਂ ਦਾ ਵਾਧਾ ਹੋਇਆ ਹੈ ਅਤੇ ਦੇਸ਼ ਭਰ ਵਿੱਚ ਇਸ ਸੰਕਟ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਹਸਪਤਾਲਾਂ ਨੇ ਜਨਤਕ ਨੋਟਿਸ ਜਾਰੀ ਕੀਤੇ ਸਨ ਕਿ ਉਨ੍ਹਾਂ ਕੋਲ ਮੈਡੀਕਲ ਆਕਸੀਜਨ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਈਰਾਕ : ਕੋਵਿਡ ਮਰੀਜ਼ਾਂ ਵਾਲੇ ਹਸਪਤਾਲ 'ਚ ਲੱਗੀ ਅੱਗ, 24 ਦੀ ਮੌਤ ਤੇ ਕਈ ਜ਼ਖਮੀ

ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ, ਆਕਸੀਜਨ ਦੀ ਘਾਟ ਕਾਰਨ ਰਾਤੋ ਰਾਤ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਭਾਰਤੀ ਸਰਕਾਰ ਦਾ ਕਹਿਣਾ ਹੈ ਕਿ ਉਹ ਮੁਸ਼ਕਿਲ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਆਕਸੀਜਨ ਦੀ ਸਪਲਾਈ ਪਹੁੰਚਾਉਣ ਲਈ ਰੇਲ ਗੱਡੀਆਂ ਅਤੇ ਹਵਾਈ ਸੈਨਾ ਦੀ ਤਾਇਨਾਤੀ ਕਰ ਰਹੀ ਹੈ। ਅੰਕੜਿਆਂ ਅਨੁਸਾਰ ਭਾਰਤ ਨੇ ਵੀਰਵਾਰ ਨੂੰ  297,430 ਸਿੰਗਲ-ਡੇਅ ਇਨਫੈਕਸ਼ਨਾਂ ਦੇ ਅਮਰੀਕੀ ਰਿਕਾਰਡ ਨੂੰ ਵੀ ਪਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਵਾਇਰਸ ਦੇ ਵੈਰੀਐਂਟ ਦੇ ਬ੍ਰਿਟੇਨ ਵਿੱਚ ਵੀ ਤਕਰੀਬਨ 132 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਅੱਧੇ ਲੰਡਨ ਵਿੱਚ ਹਨ। 

ਇਹ ਵੈਰੀਐਂਟ ਜਿਸ ਨੂੰ ਬੀ.1.617 ਵੀ ਕਿਹਾ ਜਾਂਦਾ ਹੈ ਨੂੰ ਪਹਿਲੀ ਅਕਤੂਬਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨੋਟ ਕੀਤਾ ਗਿਆ ਸੀ ਅਤੇ 22 ਫਰਵਰੀ ਨੂੰ ਇਸ ਦੀ ਯੂਕੇ ਵਿੱਚ ਪਛਾਣ ਕੀਤੀ ਗਈ ਸੀ। ਇਸ ਦੇ ਇਲਾਵਾ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਅਤੇ ਇੱਕ ਨਵੇਂ ਰੂਪ ਦੇ ਉਭਰਨ ਬਾਰੇ ਚਿੰਤਾਵਾਂ ਤੋਂ ਬਾਅਦ ਇਸ ਹਫਤੇ ਯੂਕੇ ਵਿੱਚ ਭਾਰਤ ਨੂੰ ਯਾਤਰਾ ਸੰਬੰਧੀ ‘ਲਾਲ ਸੂਚੀ’ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਜਾਨਸਨ ਨੇ ਵੀ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਸੀ।

ਨੋਟ- ਬੋਰਿਸ ਜਾਨਸਨ ਨੂੰ ਭਾਰਤ ਵੱਲੋਂ ਦਿੱਤੀ ਵੈਂਟੀਲੈਂਟਰਾਂ ਦੀ ਪੇਸ਼ਕਸ਼ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News