ਜਿਵੇਂ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ, ਇਸ ਦੀਵਾਲੀ ਅਸੀਂ ਕੋਰੋਨਾ ਨੂੰ ਹਰਾਵਾਂਗੇ : ਜਾਨਸਨ

Sunday, Nov 08, 2020 - 06:07 PM (IST)

ਜਿਵੇਂ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ, ਇਸ ਦੀਵਾਲੀ ਅਸੀਂ ਕੋਰੋਨਾ ਨੂੰ ਹਰਾਵਾਂਗੇ : ਜਾਨਸਨ

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣਾ ਵਰਚੁਅਲ ਦੀਵਾਲੀ ਸੰਦੇਸ਼ ਦਿੱਤਾ। ਇਸ ਸੰਦੇਸ਼ ਵਿਚ ਜਾਨਸਨ ਨੇ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਰਾਮ ਅਤੇ ਉਹਨਾਂ ਦੀ ਪਤਨੀ ਸੀਤਾ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਹਰਾ ਕੇ ਪਰਤੇ ਸਨ ਤਾਂ ਲੱਖਾਂ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ, ਠੀਕ ਉਸੇ ਤਰ੍ਹਾਂ ਇਸ ਦੀਵਾਲੀ ਅਸੀਂ ਲੋਕ ਵੀ ਕੋਰੋਨਾਵਾਇਰਸ ਦੇ ਵਿਚ ਆਪਣਾ ਰਸਤਾ ਬਣਾਵਾਂਗੇ ਅਤੇ ਮਹਾਮਾਰੀ ਦੇ ਖਿਲਾਫ਼ ਜਿੱਤ ਹਾਸਲ ਕਰਾਂਗੇ।

ਜਾਨਸਨ ਨੇ ਕਿਹਾ ਕਿ ਦੀਵਾਲੀ ਦਾ ਸੰਦੇਸ਼ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਹੈ, ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਹੈ। ਆਪਣੀ ਤਰ੍ਹਾਂ ਦੇ ਪਹਿਲੇ ਵਰਚੁਅਲ ਦੀਵਾਲੀ ਸੰਦੇਸ਼ ਵਿਚ ਜਾਨਸਨ ਨੇ ਆਸ ਜ਼ਾਹਰ ਕੀਤੀ ਕਿ ਅਸੀਂ ਵੀ ਇਸ ਤਰ੍ਹਾਂ ਕੋਰੋਨਾ ਮਹਾਮਾਰੀ 'ਤੇ ਜਿੱਤ ਹਾਸਲ ਕਰਾਂਗੇ। ਜਾਨਸਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੋਕਾਂ ਨੂੰ ਸਾਂਝੇ ਸਹਿਯੋਗ ਦੀ ਅਪੀਲ ਕੀਤੀ। ਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਇਸ ਹਫਤੇ ਦੀ ਸ਼ੁਰੂਆਤ ਵਿਚ ਇੰਗਲੈਂਡ ਵਿਚ ਦੂਜੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ ਜੋ ਕਿ 2 ਦਸੰਬਰ ਤੱਕ ਚੱਲੇਗੀ।

 

ਲੰਡਨ ਵਿਚ 10 ਡਾਊਨਿੰਗ ਸਟ੍ਰੀਟ ਤੋਂ ਸ਼ੁੱਕਰਵਾਰ ਨੂੰ ਵਰਚੁਅਲ ਦੀਵਾਲੀ ਫੈਸਟੀਵਲ ਦੀ ਸ਼ੁਰੂਆਤ ਕਰਦਿਆਂ ਜਾਨਸਨ ਨੇ ਕਿਹਾ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੁਣੌਤੀ ਬਹੁਤ ਵੱਡੀ ਹੈ ਪਰ ਮੈਨੂੰ ਆਪਣੇ ਨਾਗਰਿਕਾਂ ਦੀ ਸਮਝ, ਸੰਕਲਪ ਸ਼ਕਤੀ ਅਤੇ ਲੜਨ ਦੀ ਸਮਰੱਥਾ 'ਤੇ ਪੂਰਾ ਭਰੋਸਾ ਹੈ ਕਿ ਅਸੀਂ ਇਸ ਵਾਇਰਸ 'ਤੇ ਜਿੱਤ ਹਾਸਲ ਕਰਾਂਗੇ।ਜਿਵੇਂ ਕਿ ਸਾਨੂੰ ਦੀਵਾਲੀ ਦਾ ਤਿਉਹਾਰ ਹਨੇਰੇ 'ਤੇ ਰੌਸ਼ਨੀ, ਬੁਰਾਈ 'ਤੇ ਚੰਗਿਆਈ ਦੇ ਨਾਲ ਅਗਿਆਨ 'ਤੇ ਗਿਆਨ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਜਾਨਸਨ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਮੁਸ਼ਕਲ ਸਮੇਂ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਕਾਫੀ ਤਿਆਗ ਕੀਤਾ ਹੈ ਅਤੇ ਇਸ ਮਹਾਮਾਰੀ ਨਾਲ ਲੜਨ ਵਿਚ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ ਦੇ ਸਿੱਖਾਂ ਵੱਲੋਂ ਨਵੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ (ਵੀਡੀਓ)

 

ਉਹਨਾਂ ਨੇ ਵਰਚੁਅਲ ਦੀਵਾਲੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਜਾਣਦੇ ਹਨ ਕਿ ਦੂਰੀਆਂ ਦੀ ਪਾਲਣਾ ਕਰਦਿਆਂ ਤਿਉਹਾਰ ਮਨਾਉਣਾ ਆਸਾਨ ਨਹੀਂ ਹੈ। 'ਆਈਗਲੋਬਲ ਦੀਵਾਲੀ ਫੈਸਟ 2020' ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਜਾਨਸਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਹਾਡਾ ਤਿਆਗ ਅਤੇ ਸਹੀ ਚੀਜ਼ਾਂ ਕਰਨ ਦਾ ਦ੍ਰਿੜ੍ਹ ਸੰਕਲਪ ਸਾਨੂੰ ਜੀਵਨ ਬਚਾਉਣ ਵਿਚ ਮਦਦ ਕਰਦਾ ਹੈ। ਬ੍ਰਿਟੇਨ ਵਿਚ ਤਿੰਨ ਦਿਨੀਂ ਵਰਚੁਅਲ ਦੀਵਾਲੀ ਫੈਸਟ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੀ.ਐੱਮ. ਬੋਰਿਸ ਜਾਨਸਨ ਦੇ ਸੰਬੋਧਨ ਨਾਲ ਹੋਈ। ਅਗਲੇ ਤਿੰਨ ਦਿਨਾਂ ਵਿਚ ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ, ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਅਤੇ ਲਿਬਰਲ ਡੈਮੋਕ੍ਰੈਟ ਨੇਤਾ ਐਡ ਡੇਵੀ ਵੀ ਵਰਚੁਅਲ ਦੀਵਾਲੀ ਫੈਸਟ ਨੂੰ ਸੰਬੋਧਿਤ ਕਰਨਗੇ।


author

Vandana

Content Editor

Related News