ਐਰੀਜ਼ੋਨਾ ਦੇ ਮਾਰੂਥਲ 'ਚ ਮਰਨ ਲਈ ਛੱਡੇ 2 ਬੱਚਿਆਂ ਨੂੰ ਸੁਰੱਖਿਅਤ ਬਚਾਇਆ, ਇਕ ਦੀ ਉਮਰ 4 ਮਹੀਨੇ
Saturday, Aug 27, 2022 - 04:02 PM (IST)
ਨਿਊਯਾਰਕ (ਰਾਜ ਗੋਗਨਾ)— ਐਰੀਜ਼ੋਨਾ ਦੇ ਮਾਰੂਥਲ ਦੇ ਇਲਾਕੇ ਵਿੱਚ ਬੀਤੇ ਦਿਨ 2 ਬੱਚਿਆਂ ਨੂੰ ਕੋਈ ਮਰਨ ਲਈ ਇਕੱਲੇ ਛੱਡ ਗਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਜਦੋਂ ਬਾਰਡਰ ਪੈਟਰੋਲ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇੱਕ 18 ਮਹੀਨੇ ਦਾ ਬੱਚਾ ਰੋ ਰਿਹਾ ਸੀ ਅਤੇ ਇੱਕ 4 ਮਹੀਨੇ ਦਾ ਬੱਚਾ ਜ਼ਮੀਨ 'ਤੇ ਪਿਆ ਹੋਇਆ ਸੀ।
ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਸਦੇ ਇੱਕ ਏਜੰਟ ਨੇ ਇੱਕ ਨਵਜੰਮੇ ਬੱਚੇ ਅਤੇ ਇੱਕ ਛੋਟੇ ਬੱਚੇ ਨੂੰ ਬਚਾਇਆ, ਜੋ ਪੱਛਮੀ ਐਰੀਜ਼ੋਨਾ ਦੇ ਆਰਗਨ ਪਾਈਪ ਕੈਕਟਸ ਨੈਸ਼ਨਲ ਸਮਾਰਕ ਵਿੱਚ ਪ੍ਰਵਾਸੀ ਤਸਕਰਾਂ ਵੱਲੋਂ ਇਕੱਲੇ ਛੱਡ ਗਏ ਸਨ। ਦੋਵਾਂ ਬੱਚਿਆਂ ਨੂੰ ਇੱਕ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦੇਣ ਮਗਰੋਂ ਵਾਪਸ ਬਾਰਡਰ ਪੈਟਰੋਲ ਦੀ ਦੇਖਰੇਖ ਵਿੱਚ ਭੇਜ ਦਿੱਤਾ ਗਿਆ ਹੈ, ਜੋ ਉਨ੍ਹਾਂ ਨੂੰ ਸ਼ਰਨਾਰਥੀ ਪੁਨਰਵਾਸ ਦੇ ਦਫ਼ਤਰ ਵਿੱਚ ਰੱਖਣਗੇ, ਜੋ ਅਮਰੀਕਾ ਵਿੱਚ ਪਰਿਵਾਰ ਤੋਂ ਵਾਂਝੇ ਪ੍ਰਵਾਸੀ ਬੱਚਿਆਂ ਦੀ ਦੇਖ਼ਭਾਲ ਦੀ ਨਿਗਰਾਨੀ ਕਰਦਾ ਹੈ।
ਇਹ ਵੀ ਪੜ੍ਹੋ: ਉਡਾਣ ਭਰਦੇ ਹੀ ਜਹਾਜ਼ ਦੇ ਇੰਜਣ 'ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਰੋਣ ਲੱਗੇ ਯਾਤਰੀ (ਵੀਡੀਓ)
ਟਕਸਨ ਸੈਕਟਰ ਬਾਰਡਰ ਪੈਟਰੋਲ ਚੀਫ ਜੌਨ ਮੋਡਲਿਨ ਨੇ ਇਕ ਬਿਆਨ ਵਿਚ ਕਿਹਾ, ਇਹ ਸਿਰਫ਼ ਤਸਕਰਾਂ ਵੱਲੋਂ ਪੈਸੇ ਲਈ ਪ੍ਰਵਾਸੀਆਂ ਦਾ ਸ਼ੋਸ਼ਣ ਕਰਨ ਦੀ ਇੱਕ ਹੋਰ ਉਦਾਹਰਣ ਨਹੀਂ ਹੈ। ਇਹ ਬਹੁਤ ਬੇਰਹਿਮੀ ਵਾਲਾ ਕਾਰਾ ਹੈ ਅਤੇ ਇਹ ਬਹੁਤ ਗੁੰਝਲਦਾਰ ਹੈ। ਅਧਿਕਾਰੀਆਂ ਨੇ ਬੱਚਿਆਂ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ, ਜਿਸ ਵਿੱਚ ਉਨ੍ਹਾਂ ਦੇ ਲਿੰਗ, ਉਹ ਕਿਹੜੇ ਦੇਸ਼ ਤੋਂ ਆਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਦੀ ਪਛਾਣ ਸ਼ਾਮਲ ਹੈ।