ਬੋਕੋ ਹਰਾਮ ਕਰੇਗਾ ਇਕ ਹੋਰ ਅਗਵਾ ਕੁੜੀ ਨੂੰ ਰਿਹਾਅ : ਨਾਈਜੀਰੀਆਈ ਪੁਲਸ

Sunday, Mar 25, 2018 - 10:26 AM (IST)

ਬੋਕੋ ਹਰਾਮ ਕਰੇਗਾ ਇਕ ਹੋਰ ਅਗਵਾ ਕੁੜੀ ਨੂੰ ਰਿਹਾਅ : ਨਾਈਜੀਰੀਆਈ ਪੁਲਸ

ਮੈਦੁਗਿਰੀ— ਨਾਈਜੀਰੀਆ ਦੇ ਉੱਤਰੀ ਦਾਪਚੀ ਪਿੰਡ ਤੋਂ ਪਿਛਲੇ ਮਹੀਨੇ 111 ਕੁੜੀਆਂ ਨੂੰ ਅਗਵਾ ਕਰਨ ਵਾਲੇ ਇਸਲਾਮੀ ਅੱਤਵਾਦੀ ਸਮੂਹ ਬੋਕੋ ਹਰਾਮ ਨੇ ਅਗਵਾ ਕੁੜੀਆਂ 'ਚੋਂ ਇਕ ਹੋਰ ਨੂੰ ਰਿਹਾਅ ਕਰਨ ਦੀ ਗੱਲ ਆਖੀ ਹੈ। ਇਹ ਜਾਣਕਾਰੀ ਨਾਈਜੀਰੀਆਈ ਪੁਲਸ ਮੁਖੀ ਨੇ ਐਤਵਾਰ ਨੂੰ ਦਿੱਤੀ। ਅਗਵਾ ਕੀਤੀ ਗਈ ਕੁੜੀ ਦੀ ਮਾਂ ਲੀਹ ਸ਼ਰੀਬੂ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਬੁੱਧਵਾਰ ਨੂੰ ਉਸ ਦੀਆਂ 105 ਸਾਥੀ ਕੁੜੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਪਰ ਲੀਹ ਨੂੰ ਬੰਦੀ ਬਣਾ ਕੇ ਰੱਖਿਆ ਸੀ, ਕਿਉਂਕਿ ਉਹ ਇਕ ਈਸਾਈ ਹੈ ਅਤੇ ਉਸ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਉਸੇ ਸਮੇਂ ਉਨ੍ਹਾਂ ਨੇ 5 ਹੋਰ ਕੁੜੀਆਂ ਨੂੰ ਵੀ ਅਗਵਾ ਕੀਤਾ ਸੀ ਪਰ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ ਅਤੇ ਮੰਨਿਆ ਜਾਂਦਾ ਹੈ ਕਿ ਅਗਵਾਕਾਰਾਂ ਦੇ ਚੁੰਗਲ ਤੋਂ ਦੌੜਨ ਦੀ ਕੋਸ਼ਿਸ਼ ਦੌਰਾਨ ਇਹ ਕੁੜੀਆਂ ਮਾਰੀਆਂ ਗਈਆਂ ਹਨ। ਪੁਲਸ ਇੰਸਪੈਕਟਰ ਮੁਹੰਮਦ ਅਬੂਬਰਕ ਨੇ ਦੱਸਿਆ ਕਿ ਕੁੜੀ ਦੀ ਰਿਹਾਈ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਉਨ੍ਹਾਂ ਨੇ ਦਾਪਚੀ ਦਾ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਦੀ ਮੌਜੂਦਗੀ ਨਾਲ ਇਨ੍ਹਾਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੁੜੀ ਨੂੰ ਕਦੋਂ ਆਜ਼ਾਦ ਕੀਤਾ ਜਾਵੇਗਾ। ਕੁੜੀ ਦੇ ਪਿਤਾ ਨਾਥਨ ਸ਼ਰੀਬੂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਲੀਹ ਦੇ ਦਾਪਚੀ ਲਈ ਰਵਾਨਾ ਹੋਣ ਦੀ ਗੱਲ ਸੁਣੀ ਹੈ। ਕੁੜੀਆਂ ਨੂੰ ਅਗਵਾ ਕਰਨ ਵਾਲੇ ਸਮੂਹ ਦੇ ਮੁਖੀ ਨੇ ਵੀ ਉਸ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ।


Related News