ਲੰਡਨ : ਝੂਠ ਬੋਲਣਾ ਪੰਜਾਬਣ ਨੂੰ ਪੈ ਗਿਆ ਮਹਿੰਗਾ, ਹੋਈ 5 ਸਾਲ ਦੀ ਜੇਲ

Saturday, Sep 08, 2018 - 06:12 PM (IST)

ਲੰਡਨ : ਝੂਠ ਬੋਲਣਾ ਪੰਜਾਬਣ ਨੂੰ ਪੈ ਗਿਆ ਮਹਿੰਗਾ, ਹੋਈ 5 ਸਾਲ ਦੀ ਜੇਲ

ਲੰਡਨ (ਏਜੰਸੀ)— ਲੰਡਨ 'ਚ ਇਕ ਪੰਜਾਬਣ ਝੂਠ ਬੋਲਣ ਕਰ ਕੇ ਫਸ ਗਈ ਅਤੇ ਅਦਾਲਤ ਨੇ ਉਸ ਨੂੰ 5 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਹੈ। ਇਸ ਪੰਜਾਬਣ ਦਾ ਨਾਂ ਹੈ ਹਰਵਿੰਦਰ ਕੌਰ ਠੇਠੀ। ਜਾਅਲੀ ਵਕੀਲ, ਸਾਲਿਸਿਟਰ, ਗ੍ਰਹਿ ਵਿਭਾਗ ਦਾ ਅਧਿਕਾਰੀ ਹੋਣ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਮਨਜ਼ੂਰ ਕਰਵਾਉਣ ਦੇ ਨਕਲੀ ਦਾਅਵੇ ਕਰਨ ਵਾਲੀ ਹਰਵਿੰਦਰ ਕੌਰ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। 46 ਸਾਲਾ ਹਰਵਿੰਦਰ ਵੈਸਟ ਮਿਡਲੈਂਡਜ਼ ਦੇ ਟਾਊਨ ਸੋਲੀਹੋਲ ਦੀ ਰਹਿਣ ਵਾਲੀ ਹੈ। ਉਸ 'ਤੇ ਸਾਊਥਵਾਰਕ ਕਰਾਊਨ ਕੋਰਟ ਵਲੋਂ 6 ਵਾਰ ਧੋਖਾਧੜੀ ਅਤੇ ਝੂਠੀ ਨੁਮਾਇੰਦਗੀ ਕਰਨ ਦੇ ਦੋਸ਼ ਲਾਏ ਗਏ। ਹਰਵਿੰਦਰ ਨੇ ਲੋਕਾਂ ਨਾਲ ਧੋਖਾਧੜੀ ਦੇ ਕੰਮ 1 ਜੂਨ 2013 ਅਤੇ 8 ਸਤੰਬਰ 2014 ਦਰਮਿਆਨ ਪੱਛਮੀ ਲੰਡਨ ਦੇ ਹੌਨਸਲੋ 'ਚ ਕੀਤੇ ਸਨ। 

ਹਰਵਿੰਦਰ ਨੇ ਇਮੀਗ੍ਰੇਸ਼ਨ ਨਾਲ ਸਬੰਧਤ ਕੰਮਾਂ ਨੂੰ ਕਰਾਉਣ ਲਈ ਲੋਕਾਂ ਤੋਂ 68,000 ਡਾਲਰ ਲਏ ਸਨ। ਉਹ ਇਨ੍ਹਾਂ ਕੰਮਾਂ ਨੂੰ ਕਰਨ ਲਈ ਲੋਕਾਂ ਨਾਲ ਵਾਅਦੇ ਕਰਦੀ ਰਹੀ ਪਰ ਇਕ ਵੀ ਕੰਮ ਉਸ ਨੇ ਪੂਰਾ ਨਹੀਂ ਕੀਤਾ। ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਜੱਜ ਨਿਕੋਲਸ ਲੋਰਿਨ ਸਮਿੱਥ ਨੇ 46 ਸਾਲਾ ਹਰਵਿੰਦਰ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਹਰਵਿੰਦਰ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ। ਉਸ ਨੇ ਵੱਡੀ ਆਮਦਨੀ ਕਮਾਉਣ ਲਈ ਇਕ ਸਫਲ ਵਕੀਲ ਹੋਣ ਦਾ ਦਾਅਵਾ ਕੀਤਾ। ਉਹ ਇਹ ਸਾਰੀ ਸ਼ੋਹਰਤ ਥੋੜ੍ਹੇ ਸਮੇਂ 'ਚ ਕਮਾਉਣਾ ਚਾਹੁੰਦੀ ਸੀ। ਇਸ ਕੇਸ ਦੀ ਪੂਰੀ ਜਾਂਚ ਸਕੌਟਲੈਂਡ ਯਾਰਡ, ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਸਰਵਿਸ ਕਮਿਸ਼ਨਰ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਸੀ। 


Related News