ਜਿਸ ਕੰਪਨੀ ''ਚ ਕਰਦੇ ਸੀ ਕੰਮ, ਉਸੇ ਦੇ ਮਾਲਕ ਬਣੇ 700 ਕਰਮਚਾਰੀ, ਕਰੋੜਪਤੀ ਬੌਸ ਦੇ ਫੈਸਲੇ ਨਾਲ ਬਦਲੀ ਕਿਸਮਤ

02/21/2024 3:42:38 PM

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਮਸ਼ਹੂਰ ਬੌਬ ਰੈੱਡ ਮਿੱਲ ਦੇ ਸੰਸਥਾਪਕ ਬੌਬ ਮੂਰ ਦਾ 10 ਫਰਵਰੀ 2024 ਨੂੰ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਪਰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਜਿਹਾ ਕੰਮ ਕੀਤਾ ਕਿ ਹਰ ਪਾਸੇ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ। ਦਰਅਸਲ ਬੌਬ ਮੂਰ ਨੇ ਆਪਣੀ ਕੰਪਨੀ ਦੀ ਮਾਲਕੀ ਕੰਪਨੀ ਵਿੱਚ ਕੰਮ ਕਰਦੇ 700 ਕਰਮਚਾਰੀਆਂ ਨੂੰ ਸੌਂਪ ਦਿੱਤੀ ਹੈ। ਬੌਬ ਮੂਰ ਦੀ ਕੰਪਨੀ ਸਾਬਤ ਅਨਾਜ ਵਰਗੇ ਉਤਪਾਦਾਂ ਤੋਂ ਇਲਾਵਾ ਆਪਣੇ ਕਰਮਚਾਰੀਆਂ ਲਈ ਵੱਡਾ ਦਿਲ ਰੱਖਣ ਲਈ ਲਈ ਜਾਣੀ ਜਾਂਦੀ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੂਰ ਨੇ ਆਪਣੀ ਕੰਪਨੀ ਲਈ ਕੁੱਝ ਖ਼ਾਸ ਸੋਚਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਵੇਚਣ ਦੀ ਬਜਾਏ ਆਪਣੇ 700 ਕਰਮਚਾਰੀਆਂ ਨੂੰ ਕੰਪਨੀ ਦੀ ਪੂਰੀ ਮਾਲਕੀ ਦੇ ਦਿੱਤੀ। ਦਰਅਸਲ ਉਨ੍ਹਾਂ ਨੇ 2010 'ਚ ਕੰਪਨੀ ਦੇ ਮਾਲਕ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਮੂਰ ਨੇ ਆਪਣੇ 81ਵੇਂ ਜਨਮਦਿਨ 'ਤੇ ਆਪਣੇ ਤਤਕਾਲੀ 209 ਕਰਮਚਾਰੀਆਂ ਲਈ ਇੱਕ ਕਰਮਚਾਰੀ ਸਟਾਕ ਮਾਲਕੀ ਯੋਜਨਾ ਸ਼ੁਰੂ ਕੀਤੀ। ਬਾਅਦ ਵਿੱਚ, ਸਾਲ 2020 ਤੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 700 ਹੋ ਗਈ ਸੀ। ਬੌਬ ਮੂਰ ਦੇ ਦਿਹਾਂਤ ਤੋਂ ਬਹੁਤ ਪਹਿਲਾਂ ਹੀ ਕੰਪਨੀ ਪੂਰੀ ਤਰ੍ਹਾਂ ਕਰਮਚਾਰੀਆਂ ਦੀ ਮਾਲਕੀ ਵਾਲੀ ਹੋ ਗਈ ਸੀ।

ਇਹ ਵੀ ਪੜ੍ਹੋ: ਅਮਰੀਕਾ: ਘਰ ਨੂੰ ਅੱਗ ਲੱਗਣ ਕਾਰਨ ਮਾਂ ਸਣੇ ਜ਼ਿੰਦਾ ਸੜੇ 4 ਬੱਚੇ, ਮਿਲੀ ਦਰਦਨਾਕ ਮੌਤ

PunjabKesari

ਮੂਰ ਦਾ ਕਹਿਣਾ ਸੀ ਕਿ ਉਹ ਇਕ ਪਰੰਪਰਾ ਤੋਂ ਬਚਣਾ ਚਾਹੁੰਦੇ ਸਨ, ਜਿਸ ਵਿਚ ਮਾਲਕ ਆਪਣੇ ਕਰਮਚਾਰੀਆਂ ਤੋਂ ਵੱਧ ਆਪਣੇ ਫਾਇਦੇ ਲਈ ਸੋਚਦੇ ਹਨ। ਇਸ ਲਈ ਉਨ੍ਹਾਂ ਨੇ ਕੰਪਨੀ ਨੂੰ ਆਪਣੇ ਕਰਮਚਾਰੀਆਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਉਨ੍ਹਾਂ ਇਕ ਵਾਰ ਕਿਹਾ ਸੀ ਕਿ ਮੈਂ ਲੱਗਭਗ 70 ਸਾਲ ਪਹਿਲਾਂ ਸਿੱਖਿਆ ਸੀ ਕਿ ਸਫ਼ਲ ਹੋਣ ਲਈ ਸਖ਼ਤ ਮਿਹਨਤ ਅਤੇ ਦਿਆਲੂ ਸੁਭਾਅ ਬਹੁਤ ਹੀ ਜ਼ਰੂਰੀ ਹੈ। ਜਿਵੇਂ-ਜਿਵੇਂ ਮੇਰਾ ਕਾਰੋਬਾਰ ਵਧਦਾ ਗਿਆ, ਮੈਨੂੰ ਅਹਿਸਾਸ ਹੋਇਆ ਕਿ ਪ੍ਰਰਮਾਤਮਾ ਨੇ ਮੈਨੂੰ ਖੁੱਲ੍ਹੇ ਦਿਲ ਵਾਲਾ ਬਣਨ ਦਾ ਮੌਕਾ ਦਿੱਤਾ ਹੈ। ਮੇਰੇ ਪਸੰਦੀਦਾ ਬਾਈਬਲ ਵਿਚ ਕਿਹਾ ਗਿਆ ਹੈ ਕਿ ਤੁਹਾਨੂੰ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਤੁਸੀਂ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸੇ ਮੰਤਰ ਨਾਲ ਜਿਊਣਾ ਚਾਹੀਦਾ ਹੈ। ਬੌਬ ਮੂਰ ਨੇ 2018 ਵਿਚ ਕਿਹਾ ਸੀ ਕਿ ਬੌਬ ਦੀ ਰੈੱਡ ਮਿਲ ਕੰਪਨੀ ਇਕ ਸੁਪਨਾ ਸੀ ਅਤੇ ਇਹ ਸੱਚ ਹੋ ਗਿਆ ਹੈ। ਮੈਂ ਕੰਪਨੀ ਨਾਲ ਇੰਨਾ ਪਿਆਰ ਕਰਦਾ ਹਾਂ ਕਿ ਮੈਂ ਇਸਨੂੰ ਕਦੇ ਨਹੀਂ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਕੰਪਨੀ ਨੂੰ ਖਰੀਦਣ ਲਈ ਕਈ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਹੈ। ਕੰਪਨੀ ਖਰੀਦਣ ਆਏ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਮੈਂ ਪਾਗਲ ਹਾਂ। 

ਇਹ ਵੀ ਪੜ੍ਹੋ: ਦਰਦਨਾਕ; ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਪੜਦਾਦਾ-ਪੜਦਾਦੀ ਸਣੇ 3 ਬੱਚੇ

ਮੂਰ ਆਖ਼ਰੀ ਸਾਹ ਤੱਕ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ 'ਤੇ ਰਹੇ, ਭਾਵੇਂ ਹੀ ਉਹ 2018 ਵਿਚ ਸੇਵਾਮੁਕਤ ਹੋ ਗਏ ਸਨ। ਉਨ੍ਹਾਂ ਕਿਹਾ ਸੀ ਮੈਂ ਸਫਲ ਰਿਹਾ ਹਾਂ ਅਤੇ ਮੈਂ ਗਲਤ ਤਰੀਕੇ ਨਾਲ ਪੈਸਾ ਬਰਬਾਦ ਨਹੀਂ ਕੀਤਾ ਹੈ। ਮੈਂ ਹਮੇਸ਼ਾ ਇੱਕ ਮਕਸਦ ਨਾਲ ਕੰਮ ਕੀਤਾ। ਬੌਬ ਮੂਰ 49 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਕੰਪਨੀ ਦੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਉਹ ਗੈਸ ਸਟੇਸ਼ਨ ਦੇ ਮਾਲਕ ਸਨ। 2018 ਤੱਕ, ਉਨ੍ਹਾਂ ਦੀ ਕੰਪਨੀ ਦੀ ਆਮਦਨ 100 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਕੰਪਨੀ ਦੇ ਉਤਪਾਦ 70 ਤੋਂ ਵੱਧ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਹਨ। ਬੌਬ ਮੂਰ ਦੀ ਮੌਤ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਹੈ, "ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਪੌਸ਼ਟਿਕ ਭੋਜਨ ਪਦਾਰਥ ਪ੍ਰਦਾਨ ਕਰਕੇ ਬੌਬ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ।

ਇਹ ਵੀ ਪੜ੍ਹੋ: ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News