ਅੱਗ 'ਚ ਘਿਰੀ ਇਮਾਰਤ 'ਚੋਂ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਬਚਿਆ ਪਿਤਾ

05/23/2018 2:51:24 PM

ਮੈਨੀਟੋਬਾ— ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਸ਼ਹਿਰ ਬਰੈਂਡਨ 'ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 100 ਤੋਂ ਵਧੇਰੇ ਲੋਕ ਬੇਘਰ ਹੋ ਗਏ ਹਨ। ਇੱਥੋਂ ਦੀ ਮੈਸੀ ਮੈਨਰ ਇਮਾਰਤ 'ਚ 100 ਤੋਂ ਵਧੇਰੇ ਪਰਿਵਾਰ ਰਹਿੰਦੇ ਸਨ, ਜਿਨ੍ਹਾਂ ਦਾ ਸਾਰਾ ਸਮਾਨ ਅੱਗ 'ਚ ਤਬਾਹ ਹੋ ਗਿਆ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਆਪਣਾ ਘਰ ਗੁਆ ਚੁੱਕੇ ਜਸਟਿਨ ਵਰਿੰਦਰ ਨੇ ਦੱਸਿਆ ਕਿ ਉਹ ਆਪਣੇ 3 ਅਤੇ 5 ਸਾਲਾ ਬੱਚਿਆਂ ਨਾਲ ਘਰ 'ਚ ਸੀ ਅਤੇ ਅਚਾਨਕ ਅਲਰਟ ਅਲਾਰਮ ਵੱਜਣ ਲੱਗਾ। ਉਸ ਨੂੰ ਲੱਗਾ ਕਿ ਕਿਸੇ ਨੇ ਗਲਤੀ ਨਾਲ ਵਜਾ ਦਿੱਤਾ ਹੋਣਾ ਪਰ ਫਿਰ ਉਸ ਨੂੰ ਧੂੰਏਂ ਦੀ ਬਦਬੂ ਆਈ। ਉਹ ਆਪਣੇ ਛੋਟੇ ਬੱਚਿਆਂ ਨੂੰ ਸਵੈਟਰ 'ਚ ਲਪੇਟ ਕੇ ਭੱਜਾ। ਉਸ ਨੇ ਬਹੁਤ ਮੁਸ਼ਕਲ ਨਾਲ ਆਪਣੀ ਅਤੇ ਆਪਣਿਆਂ ਬੱਚਿਆਂ ਦੀ ਜਾਨ ਬਚਾਈ। ਉਸ ਨੇ ਕਿਹਾ ਕਿ ਉਸ ਦੇ ਬੱਚੇ ਵਾਰ-ਵਾਰ ਆਪਣੇ ਘਰ ਬਾਰੇ ਪੁੱਛ ਰਹੇ ਹਨ। ਉਨ੍ਹਾਂ ਨੂੰ ਵਾਰ-ਵਾਰ ਯਾਦ ਆ ਰਿਹਾ ਹੈ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਸੀ। 

PunjabKesari
ਉਸ ਨੇ ਦੱਸਿਆ ਕਿ ਜਦ ਉਹ ਆਪਣੇ ਬੱਚਿਆਂ ਨੂੰ ਅੱਗ 'ਚ ਝੁਲਸ ਰਹੀ ਇਮਾਰਤ 'ਚੋਂ ਕੱਢ ਕੇ ਲਿਆਇਆ ਤਾਂ ਉਹ ਪੁੱਛ ਰਹੇ ਸਨ ਕਿ ਉਹ ਬਾਹਰ ਕਿਉਂ ਆਏ ਹਨ। ਉਹ ਉਨ੍ਹਾਂ ਨੂੰ ਬਹਾਨੇ ਬਣਾਉਣ ਲੱਗਾ ਕਿ ਉਹ ਘੁੰਮਣ ਜਾ ਰਹੇ ਹਨ। ਉਸ ਦੀ ਜੇਬ 'ਚ ਕੁੱਝ ਪੈਸੇ ਅਤੇ ਮੋਬਾਈਲ ਹੋਣ ਕਾਰਨ ਉਹ ਇਸ ਇਲਾਕੇ ਤੋਂ ਦੂਰ ਬੱਚਿਆਂ ਨੂੰ ਲੈ ਗਿਆ ਪਰ ਦੂਰ ਤਕ ਅੱਗ ਅਤੇ ਧੂੰਆਂ ਦਿਖਾਈ ਦੇ ਰਿਹਾ ਸੀ। ਉਸ ਦੇ ਨਾਲ ਰਹਿਣ ਵਾਲੇ ਲੋਕ ਰੋ ਰਹੇ ਸਨ ਪਰ ਉਹ ਇੰਨਾ ਮਜਬੂਰ ਸੀ ਕਿ ਬੱਚਿਆਂ ਸਾਹਮਣੇ ਰੋ ਵੀ ਨਾ ਸਕਿਆ ਅਤੇ ਉਨ੍ਹਾਂ ਅੱਗੇ ਹੱਸ ਕੇ ਗੱਲਾਂ ਕਰਦਾ ਰਿਹਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਥੋੜੀ-ਬਹੁਤੀ ਆਰਥਿਕ ਮਦਦ ਦਿੱਤੀ ਜਾਵੇਗੀ ਤਾਂ ਕਿ ਉਹ ਆਪਣਾ ਸਾਮਾਨ ਲੈ ਸਕਣ। ਉਸ ਨੇ ਦੱਸਿਆ ਕਿ ਉਸ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਰੀਝ ਨਾਲ ਖਰੀਦਿਆ ਸੀ। ਪੁਰਾਣੀਆਂ ਤਸਵੀਰਾਂ ਅਤੇ ਮਿਊਜ਼ਿਕ ਜੋ ਉਸ ਨੇ ਸੰਭਾਲ ਕੇ ਰੱਖਿਆ ਸੀ, ਉਹ ਸਭ ਸੜ ਕੇ ਸਵਾਹ ਹੋ ਚੁੱਕੇ ਹਨ। ਇਨ੍ਹਾਂ ਚੀਜ਼ਾਂ ਨੂੰ ਉਹ ਕਦੇ ਵਾਪਸ ਨਹੀਂ ਲਿਆ ਸਕਦਾ ਪਰ ਉਹ ਸ਼ੁਕਰ ਕਰਦਾ ਹੈ ਕਿ ਉਹ ਅਤੇ ਉਸ ਦੇ ਬੱਚੇ ਸੁਰੱਖਿਅਤ ਹਨ। ਅਜੇ ਤਕ ਇੱਥੇ ਅੱਗ ਲੱਗਣ ਦੇ ਕਾਰਣਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਅਧਿਕਾਰੀ ਇੱਥੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ।


Related News