ਸੋਮਾਲੀਆ ਦੀ ਸੰਸਦ ਨੇੜੇ ਵੱਡਾ ਧਮਾਕਾ, 4 ਹਲਾਕ
Wednesday, Jan 08, 2020 - 01:50 PM (IST)

ਮੋਗਾਦਿਸ਼ੂ- ਸੋਮਾਲੀਆ ਦੇ ਪਾਰਲੀਮੈਂਟ ਭਵਨ ਨੇੜੇ ਇਕ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਧਮਾਕੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਲੋਕ ਜ਼ਖਮੀ ਹੋ ਗਏ ਹਨ। ਸੋਮਾਲੀਆ ਦੀ ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਸ਼ਹਿਰ ਵਿਚ ਕਾਲੇ ਧੂੰਏ ਦਾ ਗੁਬਾਰ ਦੇਖਿਆ ਗਿਆ ਤੇ ਕਈ ਵਾਹਨਾਂ ਨੂੰ ਅੱਗ ਲੱਗ ਗਈ। ਇਸਲਾਮੀ ਸੰਗਠਨ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਹਾਲ ਦੇ ਦਿਨਾਂ ਵਿਚ ਅਲਕਾਇਦਾ ਨਾਲ ਸਬੰਧਤ ਇਸ ਸੰਗਠਨ ਦੀਆਂ ਗਤੀਵਿਧੀਆਂ ਵਧੀਆਂ ਹਨ। ਇਸ 'ਤੇ ਸੋਮਾਲੀਆ ਵਿਚ ਕਤਲੇਆਮ ਕਰਨ ਤੇ ਕੀਨੀਆ ਵਿਚ ਅਮਰੀਕੀ ਫੌਜੀ ਅੱਡੇ 'ਤੇ ਹਮਲਾ ਕਰਨ ਦਾ ਦੋਸ਼ ਹੈ। ਪੁਲਸ ਅਧਿਕਾਰੀ ਅਦਨ ਅਬਦੁਲਾਹੀ ਨੇ ਦੱਸਿਆ ਕਿ ਇਕ ਵਾਹਨ ਵਿਚ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ। ਸੁਰੱਖਿਆ ਬਲਾਂ ਦਾ ਮੰਨਣਾ ਸੀ ਕਿ ਵਾਹਨ ਨਾਕੋ ਤੋਂ ਹੋ ਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਆਤਮਘਾਤੀ ਹਮਲਾਵਰ ਅਜਿਹਾ ਨਹੀਂ ਕਰ ਸਕਿਆ ਤਾਂ ਉਸ ਨੇ ਇਸ ਵਿਚ ਧਮਾਕਾ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਵੇਲੇ ਚਾਰ ਲੋਕਾਂ ਦੇ ਮਾਰੇ ਜਾਣ ਤੇ ਹੋਰ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਸ ਤੋਂ ਇਲਾਵਾ ਇਕ ਦੁਕਾਨ 'ਤੇ ਮੌਜੂਦ ਅਬਦਿਰਹਿਮਾਨ ਮੁਹੰਮਦ ਨੇ ਦੱਸਿਆ ਕਿ ਉਹਨਾਂ ਨੇ ਧਮਾਕੇ ਤੋਂ ਬਾਅਦ ਕਈ ਲਾਸ਼ਾਂ ਦੇਖੀਆਂ ਹਨ।