ਲੰਡਨ ਦੇ ਮਸ਼ਹੂਰ ਗਹਿਣਿਆਂ ਦੇ ਸ਼ੋਅ ਰੂਮ 'ਚ ਹੋਈ ਚੋਰੀ (ਤਸਵੀਰਾਂ)

10/10/2017 3:38:42 PM

ਲੰਡਨ,(ਭਾਸ਼ਾ)— ਮੱਧ ਲੰਡਨ 'ਚ ਚੋਰਾਂ ਦੀ ਇਕ ਗੈਂਗ ਨੇ ਗਹਿਣਿਆਂ ਦੇ ਇਕ ਸ਼ੋਅ ਰੂਮ 'ਚ ਹੱਥ ਸਾਫ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ 4 ਤੋਂ 6 ਚੋਰਾਂ ਨੇ ਸ਼ੋਅ ਰੂਮ ਦੇ ਸ਼ੀਸ਼ੇ ਤੋੜ ਕੇ ਗਹਿਣੇ ਲੁੱਟ ਲਏ। ਲੰਡਨ ਦੇ ਮੁੱਖ ਬਾਜ਼ਾਰ ਰੀਜਨਲ ਸਟਰੀਟ ਸਥਿਤ 'ਮੈਪਨ ਐਂਡ ਵੈੱਬ ਜਿਊਲਰਜ਼ ਸ਼ੋਅ ਰੂਮ' ਦੇ ਸ਼ੀਸ਼ੇ ਤੋੜਨ ਲਈ ਚੋਰਾਂ ਨੇ ਕੁਹਾੜੀ ਅਤੇ ਬੈਟਾਂ ਦੀ ਵਰਤੋਂ ਕੀਤੀ। ਲੰਡਨ ਮੈਟਰੋਪੋਲਿਟਨ ਪੁਲਸ ਨੇ ਇਕ ਬਿਆਨ 'ਚ ਕਿਹਾ,''ਚੋਰਾਂ ਨੇ ਕੀਮਤੀ ਗਹਿਣਿਆਂ 'ਤੇ ਹੱਥ ਸਾਫ ਕਰ ਦਿੱਤਾ। ਚੋਰੀ ਦੌਰਾਨ ਉਨ੍ਹਾਂ ਦੇ ਬਾਕੀ ਸਾਥੀ ਬਾਹਰ ਮੋਟਰ ਸਾਈਕਲਾਂ 'ਤੇ ਤਿਆਰ ਖੜ੍ਹੇ ਉਡੀਕ ਕਰ ਰਹੇ ਸਨ।''

PunjabKesari

ਹਾਲਾਂਕਿ ਪੁਲਸ ਨੇ ਚੋਰੀ ਕੀਤੇ ਕੁੱਲ ਗਹਿਣਿਆਂ ਦਾ ਅੰਕੜਾ ਨਹੀਂ ਦੱਸਿਆ ਪਰ ਇੱਥੇ ਜੋ ਗਹਿਣੇ ਸਨ, ਉਹ ਬਹੁ ਕੀਮਤੀ ਮੰਨੇ ਜਾਂਦੇ ਹਨ। ਇਹ ਸ਼ੋਅ ਰੂਮ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਤਕਰੀਬਨ ਇਕ ਸਦੀ ਤੋਂ ਗਹਿਣੇ ਵੇਚਦਾ ਆ ਰਿਹਾ ਹੈ ਅਤੇ ਇਸ ਕੰਪਨੀ ਦੇ ਮੁੱਖ ਗਹਿਣਿਆਂ ਦੇ ਨਿਰਮਾਤਾ ਟਾਵਰ ਆਫ ਲੰਡਨ 'ਚ ਕ੍ਰਾਊਨ ਜਵੈਲਜ਼ ਦੇ ਗਾਰਡੀਅਨ ਹਨ।

PunjabKesariਚੋਰੀ ਕਰਨ ਮਗਰੋਂ ਚੋਰ ਬਾਈਕ 'ਤੇ ਸਵਾਰ ਹੋ ਕੇ ਵੱਖ-ਵੱਖ ਦਿਸ਼ਾਵਾਂ 'ਚ ਭੱਜ ਗਏ। ਉਨ੍ਹਾਂ ਨੇ ਇਕ ਮਹਿਲਾ ਨੂੰ ਟੱਕਰ ਵੀ ਮਾਰੀ।  ਪੁਲਸ ਅਧਿਕਾਰੀ ਮੈਟ ਹਾਲੈਂਡਸ ਨੇ ਕਿਹਾ,''ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਚੋਰਾਂ ਨੂੰ ਭੱਜਦੇ ਜਾਂ ਚੋਰੀ ਕਰਦੇ ਦੇਖਿਆ ਹੋਵੇ, ਜਾਂ ਜੋ ਮੌਕੇ 'ਤੇ ਮੌਜੂਦ ਰਹੇ ਹੋਣ, ਉਹ ਉੱਥੇ ਦੀ ਪੁਲਸ ਨਾਲ ਸੰਪਰਕ ਕਰਨ ਅਤੇ ਇਸ ਸੰਬੰਧੀ ਜਾਣਕਾਰੀ ਇਕੱਠੀ ਦੇਣ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਕੋਲ ਚੋਰਾਂ ਦੀ ਕੋਈ ਤਸਵੀਰ ਜਾਂ ਵੀਡੀਓ ਹੋਵੇ ਤਾਂ ਪੁਲਸ ਨੂੰ ਦਿਖਾਉਣ ਅਤੇ ਚੋਰਾਂ ਨੂੰ ਫੜਨ 'ਚ ਸਾਡੀ ਮਦਦ ਕਰਨ।'' ਤੁਹਾਨੂੰ ਦੱਸ ਦਈਏ ਕਿ ਅਜੇ ਤਕ ਇਸ ਸੰਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ।


Related News