ਅਫ਼ਗਾਨਿਸਤਾਨ ਲਈ ਕਾਲਾ ਦੌਰ 2021: ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ, ਦੋ ਦਹਾਕਿਆਂ ਬਾਅਦ ਤਾਲਿਬਾਨ ਨੇ ਮੁੜ ਕੀਤਾ ਕਬਜ਼ਾ
Thursday, Dec 30, 2021 - 09:59 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਭਰ ’ਚ ਸਾਲ 2021 ਦੌਰਾਨ ਵਾਪਰੀਆਂ ਅਹਿਮ ਘਟਨਾਵਾਂ ’ਚ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ’ਤੇ 20 ਸਾਲ ਬਾਅਦ ਕੀਤੇ ਕਬਜ਼ੇ ਨੂੰ ਕਾਲੇ ਦੌਰ ਵਜੋਂ ਯਾਦ ਕੀਤਾ ਜਾਂਦਾ ਰਹੇਗਾ। ਇਸ ਨਾਲ ਪੂਰੀ ਦੁਨੀਆ ’ਚ ਵੱਡੇ ਪੱਧਰ ’ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਤਾਲਿਬਾਨ ਦੇ ਮੁੜ ਉਭਾਰ ਦਾ ਮੁੱਢ ਅਮਰੀਕਾ ਤੇ ਤਾਲਿਬਾਨ ਵਿਚਾਲੇ ਦੋਹਾ ਵਿਖੇ 2020 ਵਿਚ ਹੋਈ ਇਕ ਅਹਿਮ ਮੀਟਿੰਗ ਤੋਂ ਬੱਝ ਗਿਆ ਸੀ ਪਰ ਇਸ ਲਈ ਸਾਲ 2021 ਫੈਸਲਾਕੁੰਨ ਸਾਬਿਤ ਹੋਇਆ।
ਸਾਲ 2021 ਦੀ ਸ਼ੁਰੂਆਤ ਤੋਂ ਹੀ ਤਾਲਿਬਾਨ ਨੇ ਦੁਨੀਆ ਨੂੰ ਹੈਰਾਨ ਕਰਦਿਆਂ ਬਿਨਾਂ ਕਿਸੇ ਵੱਡੇ ਖ਼ੂਨ-ਖ਼ਰਾਬੇ ਦੇ ਅਫ਼ਗਾਨਿਸਤਾਨ ’ਚ ਮੁੜ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਤਾਲਿਬਾਨ ਨੇ ਇਕ ਤੋਂ ਬਾਅਦ ਇਕ ਸ਼ਹਿਰਾਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਲਿਬਾਨੀਆਂ ਦੇ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਹੌਸਲੇ ਬੁਲੰਦ ਹੋ ਗਏ ਸਨ।
ਜਦੋਂ ਇਹ ਸਾਫ਼ ਹੋ ਗਿਆ ਕਿ ਤਾਲਿਬਾਨੀਆਂ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ ਤਾਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪੈਸਿਆਂ ਨਾਲ ਭਰਿਆ ਅਟੈਚੀ ਲੈ ਕੇ ਦੇਸ਼ ਛੱਡ ਦੇ ਭੱਜ ਗਏ ਸਨ। ਤਾਲਿਬਾਨੀ ਲੜਾਕਿਆਂ ਨੇ ਆਖਿਰ 15 ਅਗਸਤ 2021 ਤਕ ਰਾਜਧਾਨੀ ਕਾਬੁਲ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ। ਤਾਲਿਬਾਨ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ਨੂੰ ਆਪਣੇ ਕੰਟਰੋਲ ’ਚ ਲੈ ਲਿਆ।
ਇਸ ਤਰ੍ਹਾਂ ਤਾਲਿਬਾਨ ਨੇ 20 ਸਾਲ ਬਾਅਦ ਮੁੜ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ, ਜਿਸ ਨੇ ਪੂਰੀ ਦੁਨੀਆ ਨੂੰ ਹੱਕਾ-ਬੱਕਾ ਕਰ ਦਿੱਤਾ। ਇਸ ਤੋਂ ਪਹਿਲਾਂ 1999 ਤੋਂ 2001 ਦਰਮਿਆਨ ਤਾਲਿਬਾਨ ਦਾ ਇਥੇ ਕਬਜ਼ਾ ਰਿਹਾ ਸੀ, ਜਿਹੜਾ 2001 ’ਚ ਅਮਰੀਕਾ ਵੱਲੋਂ ਕੀਤੇ ਹਮਲੇ ਤੋਂ ਬਾਅਦ ਹੀ ਖ਼ਤਮ ਹੋ ਗਿਆ ਸੀ। ਅਮਰੀਕਾ ਨੇ ਇਹ ਹਮਲਾ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ’ਤੇ ਹੋਏ ਹਮਲੇ ਤੋਂ ਬਾਅਦ ਕੀਤਾ ਸੀ, ਜਿਸ ਦੇ ਹਮਲਾਵਰਾਂ ਨੂੰ ਸਿਖਲਾਈ ਤੋਂ ਲੈ ਕੇ ਪਨਾਹ ਤਾਲਿਬਾਨ ਦੇ ਰਾਜ ਵਾਲੇ ਅਫ਼ਗਾਨਿਸਤਾਨ ’ਚ ਮਿਲੀ ਸੀ।
ਇਸ ਸਾਰੇ ਘਟਨਾਚੱਕਰ ਦਰਮਿਆਨ ਹੀ ਕਾਬੁਲ ਏਅਰਪੋਰਟ ’ਤੇ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਤੇ ਹਰ ਪਾਸੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਲੋਕਾਂ ਦੇ ਮਨਾਂ ’ਚ ਤਾਲਿਬਾਨ ਨੂੰ ਲੈ ਕੇ ਦਹਿਸ਼ਤ ਇਸ ਹੱਦ ਤਕ ਸੀ ਕਿ ਉਨ੍ਹਾਂ ਨੇ ਜਹਾਜ਼ ਨਾਲ ਲਟਕ ਕੇ ਇਸ ਦੇਸ਼ ’ਚੋਂ ਨਿਕਲਣ ਦੀ ਖ਼ਤਰਨਾਕ ਕੋਸ਼ਿਸ਼ ਕੀਤੀ, ਜਿਸ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ।
ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਲਈ ਮੁਹਿੰਮਾਂ ਚਲਾਈਆਂ ਤੇ ਵਿਸ਼ੇਸ਼ ਜਹਾਜ਼ ਭੇਜੇ। ਇਸੇ ਦਰਮਿਆਨ ਅਫ਼ਗਾਨਿਸਤਾਨ ’ਚ ਕਈ ਬੰਬ ਹਮਲੇ ਕੀਤੇ ਗਏ, ਜਿਨ੍ਹਾਂ ’ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ।
ਤਾਲਿਬਾਨੀ ਬੁਲਾਰੇ ਜੈਬੁੱਲਾਹ ਮੁਜਾਹਿਦ ਨੇ 17 ਅਗਸਤ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਕੇ ਸਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਹਾਇਤਾ ਏਜੰਸੀਆਂ, ਦੂਤਘਰਾਂ ਦੀ ਸੁਰੱਖਿਆ, ਔਰਤਾਂ ਦੇ ਕੰਮ ਤੇ ਸਿੱਖਿਆ ਹਾਸਲ ਕਰਨ ਦੇ ਅਧਿਕਾਰ ਨੂੰ ਸ਼ਰੀਆ ਕਾਨੂੰਨਾਂ ਮੁਤਾਬਕ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।
ਅੱਜ ਤਾਲਿਬਾਨ ਨੂੰ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਨੂੰ ਤਕਰੀਬਨ 4 ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ ਪਰ ਉਥੇ ਹਾਲਾਤ ਬਹੁਤ ਹੀ ਬਦਤਰ ਹੋ ਗਏ ਹਨ। ਲੋਕ ਰੋਜ਼ੀ-ਰੋਟੀ ਤੋਂ ਮੁਥਾਜ ਹੋ ਚੁੱਕੇ ਹਨ। ਕਈ ਵਿਸ਼ਵ ਪੱਧਰੀ ਸੰਸਥਾਵਾਂ ਅਫ਼ਗਾਨਿਸਤਾਨ ’ਚ ਮਦਦ ਲਈ ਅੱਗੇ ਆਈਆਂ। ਅਫ਼ਗਾਨੀ ਨਾਗਰਿਕਾਂ ਨੂੰ ਅਮਰੀਕਾ, ਇੰਗਲੈਂਡ, ਕੈਨੇਡਾ ਨੇ ਆਪਣੇ ਦੇਸ਼ਾਂ ’ਚ ਸ਼ਰਨ ਦਿੱਤੀ।
ਜ਼ਿਕਰਯੋਗ ਹੈ ਕਿ ਜਿਹੜਾ ਅਮਰੀਕਾ 2001 ’ਚ ਤਾਲਿਬਾਨੀ ਰਾਜ ਦੇ ਖ਼ਾਤਮੇ ਦੀ ਵਜ੍ਹਾ ਬਣਿਆ, ਉਸੇ ਅਮਰੀਕਾ ਨੂੰ 2021 ’ਚ ਮੁੜ ਤੋਂ ਤਾਲਿਬਾਨ ਦੇ ਉਭਾਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਜਿਥੇ ਤਾਲਿਬਾਨ ਦੇ ਨਾਲ ਦੋਹਾ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨਕਾਲ ’ਚ ਹੋਇਆ ਸੀ, ਉਥੇ ਹੀ 20 ਜਨਵਰੀ 2021 ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਇਸ ’ਚ ਕੋਈ ਬਦਲਾਅ ਨਹੀਂ ਕੀਤਾ ਤੇ ਅਫ਼ਗਾਨਿਸਤਾਨ ’ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਟਰੰਪ ਦੇ ਫੈਸਲੇ ਨੂੰ ਬਰਕਰਾਰ ਰੱਖਿਆ।
ਬਾਈਡੇਨ ਨੇ 11 ਸਤੰਬਰ 2021 ਤਕ ਅਫ਼ਗਾਨਿਸਤਾਨ ’ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ, ਇਸ ਨਾਲ ਤਾਲਿਬਾਨ ਦਾ ਮਨੋਬਲ ਵਧ ਗਿਆ ਤੇ ਉਸ ਨੇ ਹੌਲੀ-ਹੌਲੀ ਅਫ਼ਗਾਨਿਸਤਾਨ ਦੇ ਸ਼ਹਿਰਾਂ ’ਤੇ ਕਬਜ਼ਾ ਕਰਨਾ ਸ਼ੁਰੁ ਕਰ ਦਿੱਤਾ। ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਚੜ੍ਹਤ ਵਿਚਾਲੇ ਅਮਰੀਕੀ ਤੇ ਨਾਟੋ ਫੌਜੀਆਂ ਨੇ ਬਗਰਾਮ ਏਅਰਫੀਲਡ ਨੂੰ ਖਾਲੀ ਕਰ ਦਿੱਤਾ, ਜੋ ਅਮਰੀਕੀ ਯੁੱਧ ਦਾ ਮੁੱਖ ਕੇਂਦਰ ਸੀ। ਫੌਜੀਆਂ ਦੇ ਦੇਸ਼ ਛੱਡਣ ਤੋਂ ਬਾਅਦ ਇਥੇ ਲੁੱਟ ਤੇ ਹਫੜਾ-ਦਫੜੀ ਮਚ ਗਈ।
30 ਅਗਸਤ ਨੂੰ ਅਮਰੀਕਾ ਦਾ ਆਖਰੀ ਜਹਾਜ਼ ਅਫ਼ਗਾਨਿਸਤਾਨ ’ਚੋਂ ਰਵਾਨਾ ਹੋਇਆ, ਜਿਸ ਨਾਲ ਅਫ਼ਗਾਨਿਸਤਾਨ ’ਚ ਅਮਰੀਕਾ ਦੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਯੁੱਧ ਦੀ ਸਮਾਪਤੀ ਹੋ ਗਈ ਸੀ।