ਸਾਊਥ ਅਫਰੀਕਾ 'ਚ ਬਿਟਕੁਆਇਨ ਘੁਟਾਲਾ, ਝੂਠ ਬੋਲ ਕੇ ਠੱਗੇ 540 ਕਰੋੜ ਰੁਪਏ

05/26/2018 4:32:36 PM

ਦੱਖਣੀ ਅਫਰੀਕਾ— ਦੱਖਣੀ ਅਫਰੀਕਾ 'ਚ ਕ੍ਰਿਪਟੋਕਰੰਸੀ ਨਾਲ ਜੁੜਿਆ ਇਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿਸ 'ਚ ਵਧੇਰੇ ਵਿਆਜ ਦਰਾਂ ਦਾ ਝਾਂਸਾ ਦੇ ਕੇ 28,000 ਤੋਂ ਵਧੇਰੇ ਲੋਕਾਂ ਨਾਲ ਇਕੱਠੇ ਹੀ ਧੋਖਾਧੜੀ ਹੋਈ। ਇਸ 'ਚ ਕੁੱਲ 107 ਮਿਲੀਅਨ ਸਿੰਗਾਪੁਰ ਦੇ ਡਾਲਰਾਂ (540 ਕਰੋੜ ਰੁਪਏ) ਦਾ ਚੂਨਾ ਲਗਾਇਆ ਗਿਆ ਹੈ।  ਬਿਟਕੁਆਇਨ ਟ੍ਰੇਡਿੰਗ ਕੰਪਨੀ ਜਿਸ ਨੂੰ ਆਮ ਤੌਰ 'ਤੇ ਬੀ. ਟੀ. ਸੀ. ਗਲੋਬਲ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਨੇ ਲੋਕਾਂ ਨੂੰ ਪੈਸੇ ਨਿਵੇਸ਼ ਕਰਨ ਅਤੇ ਹਰ ਰੋਜ਼ ਦੇ ਹਿਸਾਬ ਦੇ ਦੋ ਫੀਸਦੀ, ਹਰ ਹਫਤੇ 14 ਫੀਸਦੀ ਅਤੇ ਹਰ ਮਹੀਨੇ 50 ਫੀਸਦੀ ਵਿਆਜ ਦੇਣ ਦਾ ਝਾਂਸਾ ਦੇ ਕੇ ਠੱਗਿਆ ਹੈ। ਦੱਖਣੀ ਅਫਰੀਕਾ ਦੇ ਗੰਭੀਰ ਆਰਥਿਕ ਅਪਰਾਧ ਮਾਮਲਿਆਂ ਦੀ ਇਕਾਈ ਇਸ ਦੀ ਜਾਂਚ ਕਰ ਰਹੀ ਹੈ। ਪ੍ਰਾਇਰਿਟੀ ਕ੍ਰਾਇਨ ਇਨਵੈਸਟੀਗੇਸ਼ਨ ਡਾਇਰੈਕਟਰੇਟ ਦੇ ਕਾਰਜਕਾਰੀ ਰਾਸ਼ਟਰ ਮੁਖੀ ਯੇਲਿਸਾ ਮਟਕਾਟਾ ਨੇ ਕਿਹਾ,''ਇਹ ਤਾਂ ਇਕ ਹੀ ਮਾਮਲਾ ਹੈ ਪਰ ਅਜਿਹੇ ਹਜ਼ਾਰਾਂ ਮਾਮਲੇ ਹੋਣਗੇ, ਜੋ ਅਜੇ ਤਕ ਸਾਹਮਣੇ ਨਹੀਂ ਆਏ ਅਤੇ ਜਿਨ੍ਹਾਂ 'ਚ ਲੋਕਾਂ ਨੂੰ ਠੱਗਿਆ ਗਿਆ। 
ਜ਼ਿਕਰਯੋਗ ਹੈ ਕਿ ਇਹ ਮਾਮਲਾ ਇਕ ਕਿਡਨੈਪਿੰਗ ਦੇ ਬਾਅਦ ਖੁੱਲ੍ਹਿਆ, ਉਸ 'ਚ ਇਕ ਦੱਖਣੀ ਅਫਰੀਕੀ ਬੱਚੇ ਨੂੰ ਅਗਵਾ ਕਰਕੇ ਕਿਡਨੈਪਰ ਨੇ ਬਿਟਕੁਆਇਨ 'ਚ ਫਿਰੌਤੀ ਮੰਗੀ ਸੀ। ਦੱਸ ਦਈਏ ਕਿ ਪਿਛਲੇ ਮਹੀਨਿਆਂ 'ਚ ਬਿਟਕੁਆਇਨ ਅਤੇ ਉਸ ਦੇ ਵਰਗੀਆਂ ਬਾਕੀ ਵਰਚੁਅਲ ਕਰੰਸੀਆਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਸ ਦੀ ਕੀਮਤ 'ਚ ਆਏ ਉਛਾਲ ਨਾਲ ਕਈ ਲੋਕ ਇਸ ਦੇ ਜਾਲ 'ਚ ਫਸੇ, ਜਿਸ 'ਚ ਭਾਰਤੀਆਂ ਦੀ ਗਿਣਤੀ ਵੀ ਸੀ। ਭਾਰਤ ਸਰਕਾਰ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਪਹਿਲਾਂ ਹੀ ਦੇ ਚੁੱਕੀ ਸੀ।


Related News