ਬਰਮਿੰਘਮ : ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟਾਂ ’ਚ ਵਾਧੇ ਦੀ ਲੋੜ ਮਹਿਸੂਸ ਹੋਣ ਲੱਗੀ

09/21/2021 6:38:52 PM

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)-ਯੂ. ਕੇ. ਸਰਕਾਰ ਵੱਲੋਂ ਵਾਤਾਵਰਣ ਵਿਚਲੇ ਗੈਸੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਉਂਦੇ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਾਹਨਾਂ ਦੀ ਵਰਤੋਂ ਲਈ ਸ਼ਹਿਰਾਂ ਵਿੱਚ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਵੀ ਲਗਾਏ ਜਾ ਰਹੇ ਹਨ ਪਰ ਇੱਕ ਨਵੇਂ ਸਰਵੇ ’ਚ ਪਾਇਆ ਗਿਆ ਹੈ ਕਿ ਬਰਮਿੰਘਮ ਅਤੇ ਮਿਡਲੈਂਡਸ ’ਚ ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟਾਂ ਦੀ ਗਿਣਤੀ ’ਚ ਵਾਧੇ ਦੀ ਲੋੜ ਹੈ। ਇਸ ਅਧਿਐਨ ਅਨੁਸਾਰ ਰਾਜਧਾਨੀ ਲੰਡਨ ਦੇ ਵਾਸੀਆਂ ਕੋਲ ਬਰਮਿੰਘਮ ਨਿਵਾਸੀਆਂ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਜਨਤਕ ਇਲੈਕਟ੍ਰਿਕ ਚਾਰਜਰ ਹਨ। ਮਿਡਲੈਂਡਸ ਕਨੈਕਟ ਵੱਲੋਂ ਕੀਤੇ ਇਸ ਅਧਿਐਨ ਅਨੁਸਾਰ ਮਿਡਲੈਂਡਸ ਖੇਤਰ ਨੂੰ ਦਹਾਕੇ ਦੇ ਅੰਤ ਤੱਕ ਹਰ ਦਿਨ 11 ਜਾਂ ਹਰ ਸਾਲ 3,941 ਨਵੇਂ ਜਨਤਕ ਇਲੈਕਟ੍ਰਿਕ ਵਾਹਨ ਚਾਰਜਰਾਂ ਦੀ ਜ਼ਰੂਰਤ ਹੈ।

ਯੂ. ਕੇ. ਸਰਕਾਰ ਦੁਆਰਾ ਨਵੀਆਂ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ 'ਤੇ 2030 ਤੋਂ ਪਾਬੰਦੀ ਲਗਾਉਣ ਦੀ ਯੋਜਨਾ ਹੈ ਅਤੇ ਇਸ ਲਈ ਬਰਮਿੰਘਮ ਵਿੱਚ ਚਾਰਜਿੰਗ ਪੁਆਇੰਟਾਂ ਦੀ ਜ਼ਰੂਰਤ ਹੈ। ਵੈਸਟ ਮਿਡਲੈਂਡਸ ’ਚ ਪ੍ਰਤੀ 100,000 ਲੋਕਾਂ ਲਈ ਸਿਰਫ 27 ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟ ਹਨ, ਜਦਕਿ ਲੰਡਨ ’ਚ ਪ੍ਰਤੀ 100,000 ਲੋਕਾਂ ਪਿੱਛੇ 83 ਚਾਰਜਿੰਗ ਪੁਆਇੰਟ ਹਨ ਪਰ ਮਿਡਲੈਂਡਸ ਕਨੈਕਟ ਅਨੁਸਾਰ ਇਸ ਖੇਤਰ ’ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧੇਗੀ, ਜਿਸ ਲਈ ਚਾਰਜਿੰਗ ਪੁਆਇੰਟਾਂ ਦੀ ਵੀ ਜ਼ਰੂਰਤ ਹੋਵੇਗੀ। ਕਨੈਕਟ ਅਨੁਸਾਰ ਮਿਡਲੈਂਡਸ ’ਚ ਰਜਿਸਟਰਡ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਰਤਮਾਨ ’ਚ ਲੱਗਭਗ 45,000 ਹੈ। ਇਹ ਗਿਣਤੀ 2030 ਤੱਕ 1.7 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ।


Manoj

Content Editor

Related News