ਈਰਾਨ ''ਚ ਮੌਤ ਦਾ ਤਾਂਡਵ: ਜੰਗ ''ਚ ਮਰਨ ਵਾਲਿਆਂ ਦੀ ਗਿਣਤੀ 1,000 ਦੇ ਪਾਰ

Wednesday, Mar 04, 2026 - 05:56 PM (IST)

ਈਰਾਨ ''ਚ ਮੌਤ ਦਾ ਤਾਂਡਵ: ਜੰਗ ''ਚ ਮਰਨ ਵਾਲਿਆਂ ਦੀ ਗਿਣਤੀ 1,000 ਦੇ ਪਾਰ

ਦੁਬਈ/ਤਹਿਰਾਨ (ਏਪੀ)- ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਇਆ ਯੁੱਧ ਅੱਜ ਆਪਣੇ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਅਮਰੀਕਾ ਅਤੇ ਇਜ਼ਰਾਈਲ ਨੇ ਜਿੱਥੇ ਆਪਣੇ ਹਮਲੇ ਜਾਰੀ ਰੱਖੇ ਹਨ, ਉੱਥੇ ਈਰਾਨ ਵੀ ਜ਼ੋਰਦਾਰ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਯੁੱਧ ਦਾ ਸੇਕ ਪੂਰੇ ਮੱਧ ਪੂਰਬ ਵਿੱਚ ਫੈਲ ਗਿਆ ਹੈ। ਈਰਾਨ ਦੀ ਇੱਕ ਸਰਕਾਰੀ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਵਿੱਚ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਹ ਗਿਣਤੀ ਘੱਟੋ-ਘੱਟ 1,045 ਤੱਕ ਪਹੁੰਚ ਗਈ ਹੈ।ਇਹ ਅੰਕੜਾ ਪਹਿਲਾਂ ਦੱਸੇ ਗਏ 555 ਮੌਤਾਂ ਦੇ ਅੰਕੜੇ ਤੋਂ ਲਗਭਗ ਦੁੱਗਣਾ ਹੈ, ਜੋ ਹਮਲਿਆਂ ਦੀ ਭਿਆਨਕਤਾ ਨੂੰ ਬਿਆਨ ਕਰਦਾ ਹੈ। ਈਰਾਨ ਦੇ ਸ਼ਹੀਦਾਂ ਅਤੇ ਵੈਟਰਨਜ਼ ਅਫੇਅਰਜ਼ ਫਾਊਂਡੇਸ਼ਨ ਨੇ ਇਹ ਗਿਣਤੀ ਪੇਸ਼ ਕਰਦੇ ਹੋਏ ਕਿਹਾ ਕਿ ਇਹ ਹੁਣ ਤੱਕ ਪਛਾਣੀਆਂ ਗਈਆਂ ਅਤੇ ਦਫ਼ਨਾਉਣ ਲਈ ਤਿਆਰ ਕੀਤੀਆਂ ਗਈਆਂ ਲਾਸ਼ਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ।

ਲਗਾਤਾਰ ਬੰਬਾਰੀ ਅਤੇ ਤਬਾਹੀ 

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਐਪਿਕ ਫਿਊਰੀ' ਦੇ ਤਹਿਤ ਈਰਾਨ ਦੇ ਕਈ ਹਿੱਸਿਆਂ 'ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ B-2 ਬੰਬਰਾਂ, ਆਤਮਘਾਤੀ ਡਰੋਨਾਂ ਅਤੇ AI ਤਕਨੀਕ ਦੀ ਵਰਤੋਂ ਨੇ ਈਰਾਨੀ ਟਿਕਾਣਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਈਰਾਨੀ ਸੁਪਰੀਮ ਲੀਡਰ ਖ਼ਮੇਨੀ ਦੀ ਕਥਿਤ ਮੌਤ ਤੋਂ ਬਾਅਦ ਇਹ ਜੰਗ ਹੋਰ ਵੀ ਘਾਤਕ ਹੋ ਗਈ ਹੈ, ਜਿਸ ਵਿੱਚ ਹੁਣ ਤੱਕ 1,045 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਕਈ ਦੇਸ਼ਾਂ ਤੱਕ ਫੈਲੀ ਜੰਗ ਦੀ ਅੱਗ 

ਇਹ ਟਕਰਾਅ ਹੁਣ ਸਿਰਫ਼ ਇਜ਼ਰਾਈਲ ਅਤੇ ਈਰਾਨ ਤੱਕ ਸੀਮਤ ਨਹੀਂ ਰਿਹਾ। ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੇ ਮੈਦਾਨ ਵਿੱਚ ਉਤਰਨ ਅਤੇ ਈਰਾਨ ਵੱਲੋਂ ਦੁਬਈ, ਰਿਆਦ ਅਤੇ ਤੇਲ ਅਵੀਵ ਵਰਗੇ ਸ਼ਹਿਰਾਂ 'ਤੇ ਕੀਤੇ ਗਏ ਪਲਟਵਾਰ ਨੇ ਪੂਰੇ ਖੇਤਰ ਨੂੰ ਜੰਗ ਦੇ ਮੈਦਾਨ ਵਿੱਚ ਬਦਲ ਦਿੱਤਾ ਹੈ। ਯੂ.ਏ.ਈ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸਕੂਲ-ਕਾਲਜ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ।

ਇਜ਼ਰਾਈਲ ਦੀ ਸਖ਼ਤ ਰਣਨੀਤੀ 

ਦੂਜੇ ਪਾਸੇ, ਇਜ਼ਰਾਈਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ ਕਾਰਵਾਈ ਨਹੀਂ ਰੋਕੇਗਾ। ਇਜ਼ਰਾਈਲੀ ਰੱਖਿਆ ਮੰਤਰੀ ਦੀ ਚੇਤਾਵਨੀ ਕਿ ਅਗਲਾ ਸੁਪਰੀਮ ਲੀਡਰ ਵੀ ਉਨ੍ਹਾਂ ਦਾ ਨਿਸ਼ਾਨਾ ਹੋਵੇਗਾ, ਇਹ ਦਰਸਾਉਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਤਾਂ ਦਾ ਇਹ ਅੰਕੜਾ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਹੈ। ਫਿਲਹਾਲ ਈਰਾਨੀ ਸਰਕਾਰੀ ਏਜੰਸੀ ਦੇ ਇਸ ਖੁਲਾਸੇ ਨੇ ਦੁਨੀਆ ਭਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News