ਬਿਲ ਗੇਟਸ ਨੇ ਮਾਈਕ੍ਰੋਸਾਫਟ ਦੇ ਨਿਰਦੇਸ਼ਕ ਮੰਡਲ ਤੋਂ ਦਿੱਤਾ ਅਸਤੀਫਾ

Saturday, Mar 14, 2020 - 10:45 AM (IST)

ਬਿਲ ਗੇਟਸ ਨੇ ਮਾਈਕ੍ਰੋਸਾਫਟ ਦੇ ਨਿਰਦੇਸ਼ਕ ਮੰਡਲ ਤੋਂ ਦਿੱਤਾ ਅਸਤੀਫਾ

ਸੈਨ ਫ੍ਰਾਂਸਿਸਕੋ– ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ (ਬੋਰਡ ਆਫ ਡਾਇਰੈਕਟਰਸ) ਤੋਂ ਅਸਤੀਫਾ ਦੇ ਦਿੱਤਾ ਹੈ। ਮਾਈਕ੍ਰੋਸਾਫਟ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਬਿਲ ਗੇਟਸ ਹੁਣ ਸਮਾਜਿਕ ਕੰਮਾਂ (ਲੋਕ ਭਲਾਈ ਦੇ ਕੰਮ) ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਹਨ। 64 ਸਾਲਾ ਬਿਲ ਗੇਟਸ ਨੇ ਇਕ ਦਹਾਕੇ ਪਹਿਲਾਂ ਕੰਪਨੀ ਦੇ ਰੋਜ਼ਾਨਾਂ ਦੇ ਕੰਮਾਂ ’ਚ ਸ਼ਾਮਲ ਹੋਣਾ ਬੰਦ ਕਰ ਦਿੱਤਾ ਸੀ। ਕੰਪਨੀ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਵਿਸ਼ਵ ਸਿਹਤ ਅਥੇ ਸਿੱਖਿਆ ਲਈ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇ ਸਕਣ ਜਿਸ ਲਈ ਉਨ੍ਹਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਪਵੇਗਾ। 

ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਕਿਹਾ ਕਿ ਬਿਲ ਗੇਟਸ ਦੇ ਨਾਲ ਕੰਮ ਕਰਨਾ ਅਤੇ ਸਿਖਣਾ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਕੰਪਨੀ ਦੀ ਸਥਾਪਨਾ ਸਾਫਟਵੇਅਰ ਅਤੇ ਚੁਣੌਤੀਆਂ ਨੂੰ ਹੱਲ ਕਰਨ ਦੇ ਜਨੂੰਨ ਦੇ ਨਾਲ ਕੀਤੀ ਸੀ। ਨਡੇਲਾ ਨੇ ਕਿਹਾ ਕਿ ਮਾਈਕ੍ਰੋਸਾਫਟ ਸਲਾਹਾਕਾਰ ਦੇ ਰੂਪ ’ਚ ਬਿਲ ਗੇਟਸ ਕੋਲੋਂ ਲਾਭ ਲੈਂਦੇ ਰਹਾਂਗੇ। ਉਨ੍ਹਾਂ ਕਿਹਾ ਕਿ ਮੈਂ ਬਿਲ ਦੀ ਦੋਸਤੀ ਲਈ ਧੰਨਵਾਦੀ ਹਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ। ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਦੇ ਨਾਲ ਬਿਲ ਗੇਟਸ ਤਕਨੀਕੀ ਸਲਾਹਾਕਾਰ ਦੇ ਰੂਪ ’ਚ ਕੰਮ ਕਰਦੇ ਰਹਿਣਗੇ। 

 

ਬਿਲ ਗੇਟਸ ਨੇ ਸਾਲ 1975 ’ਚ ਪਾਲ ਐਲੇਨ ਦੇ ਨਾਲ ਮਿਲ ਕੇ ਮਾਈਕ੍ਰੋਸਾਫਟ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਸਾਲ 2000 ਤਕ ਬਿਲ ਗੇਟਸ ਮਾਈਕ੍ਰੋਸਾਫਟ ਦੇ ਸੀ.ਈ.ਓ. ਰਹੇ। ਗੇਟਸ ਦੇ ਅਸਤੀਫੇ ਤੋਂ ਬਾਅਦ ਕੰਪਨੀ ਦੇ ਬੋਰਡ ’ਚ 12 ਮੈਂਬਰ ਬਚੇ ਹਨ। ਇਸ ਵਿਚ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਵੀ ਸ਼ਾਮਲ ਹਨ। 


Related News