ਮਾਈਕ੍ਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਲਗਵਾਇਆ ਕੋਰੋਨਾ ਟੀਕਾ

01/26/2021 5:39:15 PM

ਸੈਨ ਫਰਾਂਸਿਸਕੋ- ਮਾਈਕ੍ਰੋਸਾਫਟ ਦੇ ਸੰਸਥਾਪਕ ਅਤੇ ਸਮਾਜਸੇਵੀ ਬਿੱਲ ਗੇਟਸ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ,"65 ਸਾਲ ਦੀ ਉਮਰ ਹੋਣ ਦਾ ਮੈਨੂੰ ਇਹ ਫਾਇਦਾ ਹੋਇਆ ਕਿ ਮੈਂ ਕੋਰੋਨਾ ਵੈਕਸੀਨ ਲਗਵਾਉਣ ਯੋਗ ਹੋ ਗਿਆ। ਇਸ ਹਫ਼ਤੇ ਮੈਨੂੰ ਕੋਰੋਨਾ ਦੀ ਪਹਿਲੀ ਖੁਰਾਕ ਮਿਲੀ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।" ਉਨ੍ਹਾਂ ਕਿਹਾ ਕਿ ਸਾਰੇ ਵਿਗਿਆਨੀਆਂ, ਟ੍ਰਾਇਲ ਕਰਨ ਵਾਲਿਆਂ ਤੇ ਫਰੰਟ ਲਾਈਨ ਕਾਮਿਆਂ ਦਾ ਉਹ ਧੰਨਵਾਦ ਕਰਦੇ ਹਨ, ਜੋ ਸਾਨੂੰ ਇੱਥੋਂ ਤੱਕ ਲੈ ਕੇ ਆਏ ਹਨ। 

ਹਾਲਾਂਕਿ ਬੀਤੇ ਦਿਨਾਂ ਤੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਬਿੱਲ ਗੇਟਸ 'ਤੇ ਕਈ ਦੋਸ਼ ਲਾਏ ਗਏ ਹਨ। ਪਹਿਲਾਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਕਿ ਕੋਰੋਨਾ ਵਾਇਰਸ ਤੇ ਇਸ ਦਾ ਟੀਕਾ ਬਿੱਲ ਗੇਟਸ ਅਤੇ ਦਵਾਈ ਕੰਪਨੀਆਂ ਦੀ ਮਿਲੀ-ਭੁਗਤ ਹੈ ਤਾਂ ਕਿ ਇਸ ਨਾਲ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਵੇ। ਇਹ ਹੀ ਨਹੀਂ ਕੁਝ ਲੋਕਾਂ ਦਾ ਤਾਂ ਕਹਿਣਾ ਸੀ ਕਿ ਕੋਰੋਨਾ ਟੀਕੇ ਦੇ ਬਹਾਨੇ ਲੋਕਾਂ ਦੇ ਸਰੀਰ ਅੰਦਰ ਇਕ ਮਾਈਕ੍ਰੋਚਿਪ ਪਾਈ ਜਾਣੀ ਹੈ ਤਾਂਕਿ ਵਾਇਰਸ ਦੀ ਸਥਿਤੀ ਨੂੰ ਲੈ ਕੇ ਲੋਕਾਂ ਨੂੰ ਹੋਰ ਵੀ ਜਾਣਕਾਰੀ ਮਿਲ ਸਕੇ। ਹਾਲਾਂਕਿ ਮਾਈਕ੍ਰੋਸਾਫਟ ਦੇ ਸੰਸਥਾਪਕ ਨੇ ਇਨ੍ਹਾਂ ਸਭ ਨੂੰ ਝੂਠ ਦੱਸਦਿਆਂ ਖ਼ਬਰਾਂ ਦਾ ਖੰਡਨ ਕੀਤਾ ਸੀ। 

ਇਹ ਵੀ ਪੜ੍ਹੋ- ਓਟਾਵਾ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ 43 ਮਾਮਲੇ, ਲੋਕਾਂ ਨੂੰ ਕੀਤੀ ਗਈ ਇਹ ਅਪੀਲ

ਜ਼ਿਕਰਯੋਗ ਹੈ ਕਿ ਲੋਕਾਂ ਅੰਦਰੋਂ ਕੋਰੋਨਾ ਟੀਕੇ ਸਬੰਧੀ ਫੈਲੇ ਡਰ ਨੂੰ ਕੱਢਣ ਲਈ ਅਮਰੀਕੀ ਰਾਸ਼ਟਰਪਤੀ ਸਣੇ ਕਈ ਉੱਚ ਹਸਤੀਆਂ ਨੇ ਜਨਤਕ ਤੌਰ 'ਤੇ ਟੀਕਾ ਲਗਵਾਇਆ ਹੈ। ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਵਾਇਰਸ ਨੂੰ ਖ਼ਤਮ ਕਰਨ ਲਈ ਅਜੇ ਲੰਬਾ ਸਮਾਂ ਲੱਗੇਗਾ ਅਤੇ ਉਹ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਵਾਇਰਸ ਨੂੰ ਹਰਾ ਕੇ ਹੀ ਰਹਿਣਗੇ । 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News