ਬਿਲ ਗੇਟਸ ਨੇ ਦੁਨੀਆ ਨੂੰ ਸਸਤੇ ਟੀਕੇ ਸਪਲਾਈ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਕੀਤੀ ਤਾਰੀਫ਼

Wednesday, Feb 23, 2022 - 03:43 PM (IST)

ਬਿਲ ਗੇਟਸ ਨੇ ਦੁਨੀਆ ਨੂੰ ਸਸਤੇ ਟੀਕੇ ਸਪਲਾਈ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਕੀਤੀ ਤਾਰੀਫ਼

ਵਾਸ਼ਿੰਗਟਨ (ਭਾਸ਼ਾ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਭਾਰਤ ਦੀ ਵੈਕਸੀਨ ਬਣਾਉਣ ਦੀ ਸਮਰੱਥਾ ਦੀ ਸ਼ਲਾਘਾ ਕੀਤੀ ਹੈ ਅਤੇ ਦੁਨੀਆ ਭਰ ਵਿਚ ਕਿਫ਼ਾਇਤੀ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ ਟੀਕਾ ਨਿਰਮਾਤਾਵਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਭਾਰਤੀ ਦੂਤਘਰ ਵੱਲੋਂ ਆਯੋਜਿਤ ਭਾਰਤ-ਅਮਰੀਕਾ ਸਿਹਤ ਸਾਂਝੇਦਾਰੀ 'ਤੇ ਇਕ ਵਰਚੁਅਲ ਗੋਲਮੇਜ਼ ਸੰਮੇਲਨ ਵਿਚ ਗੇਟਸ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਭਾਰਤ ਨੇ ਲਗਭਗ 100 ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀਆਂ 150 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ: ਚੀਨ 'ਚ ਫਸੇ 23 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਜਲਦ ਪਰਤਣਗੇ ਭਾਰਤ

ਉਨ੍ਹਾਂ ਕਿਹਾ, 'ਭਾਰਤੀ ਵੈਕਸੀਨ ਨਿਰਮਾਤਾਵਾਂ ਦਾ ਧੰਨਵਾਦ, ਦੁਨੀਆ ਦਾ ਲਗਭਗ ਹਰ ਦੇਸ਼ ਹੁਣ ਬੱਚਿਆਂ ਨੂੰ ਨਮੂਨੀਆ ਅਤੇ ਰੋਟਾਵਾਇਰਸ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕਰਨ ਦੇ ਯੋਗ ਹੈ, ਜੋ ਕਿ ਦਹਾਕਿਆਂ ਤੋਂ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਰਹੇ ਹਨ।' ਇਸ ਗੋਲਮੇਜ਼ ਕਾਨਫਰੰਸ ਦਾ ਆਯੋਜਨ ਵਿਸ਼ਵ ਭਰ ਵਿਚ ਕਿਫ਼ਾਇਤੀ ਟੀਕੇ ਉਪਲੱਬਧ ਕਰਾਉਣ ਵਿਚ ਦੁਵੱਲੀ ਭਾਈਵਾਲੀ ਦਾ ਲਾਭ ਉਠਾਉਣ ਲਈ ਭਾਰਤ ਅਤੇ ਅਮਰੀਕਾ ਦੇ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਲਿਆਉਣ ਦੇ ਮਕਸਦ ਲਈ ਕੀਤਾ ਗਿਆ ਸੀ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਨੇ ਕਿਹਾ, 'ਕੋਰੋਨਾ ਵਾਇਰਸ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ, ਪਰ ਅਸੀਂ ਐਮਰਜੈਂਸੀ ਪ੍ਰਤੀਕਿਰਿਆ ਤੋਂ ਪਰੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਕਸਦ ਨਾ ਸਿਰਫ਼ ਕੋਵਿਡ-19 ਦੇ ਫੈਲਣ ਨੂੰ ਰੋਕਣਾ ਹੈ, ਸਗੋਂ ਭਵਿੱਖ ਵਿਚ ਅਜਿਹੀਆਂ ਲਾਗਾਂ ਨੂੰ ਮਹਾਮਾਰੀ ਬਣਨ ਤੋਂ ਰੋਕਣ ਲਈ ਅਤੇ ਮੌਜੂਦਾ ਸਾਰੀਆਂ ਛੂਤ ਦੀਆਂ ਬਿਮਾਰੀਆਂ ਨਾਲ ਲੜਦੇ ਰਹਿਣ ਲਈ ਤਿਆਰ ਰਹਿਣਾ ਹੈ।'

ਇਹ ਵੀ ਪੜ੍ਹੋ: 'ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਚਰਚਾ ਕਰਨਾ ਚਾਹਾਂਗਾ', ਜਾਣੋ ਇਮਰਾਨ ਖ਼ਾਨ ਨੇ ਕਿਉਂ ਕਹੀ ਇਹ ਗੱਲ

ਗੇਟਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨਕ ਖੋਜ ਅਤੇ ਨਵੇਂ ਉਤਪਾਦ ਬਣਾਉਣ ਲਈ ਭਾਰਤ ਦੀ ਵਿਗਿਆਨ ਅਤੇ ਤਕਨਾਲੋਜੀ ਪ੍ਰਤਿਭਾ ਦੀ ਵਰਤੋਂ ਜਾਰੀ ਰੱਖਦੇ ਹੋਏ ਵਿਸ਼ਵ ਸਿਹਤ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਹੋਰ ਡੂੰਘਾ ਕਰਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ, 'ਇਹ ਇਕ ਸਾਂਝੀ ਅਭਿਲਾਸ਼ਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਸਾਂਝੇਦਾਰੀ ਬਹੁਤ ਮਹੱਤਵਪੂਰਨ ਹੈ।' ਗੇਟਸ ਦੇ ਅਨੁਸਾਰ, ਤਿੰਨ ਟੀਕੇ - ਕੋਵੈਕਸੀਨ, ਕੋਰਬਾਵੈਕਸ ਅਤੇ ਕੋਵਿਸ਼ੀਲਡ - ਉਸ ਸਾਂਝੇਦਾਰੀ ਦਾ ਨਤੀਜਾ ਸਨ, ਜੋ ਮੁੱਖ ਖੇਤਰਾਂ ਦੇ ਨਾਲ-ਨਾਲ ਸਰਹੱਦਾਂ ਨੂੰ ਆਪਸ ਵਿਚ ਜੋੜਦੇ ਹਨ। ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਇਕ ਰਣਨੀਤਕ ਸਮੂਹ 'ਕਵਾਡ' ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, 'ਇਕ ਅਰਬ ਤੋਂ ਵੱਧ ਟੀਕੇ ਬਣਾਉਣ ਲਈ ਬਾਇਓਲੋਜੀਕਲ-ਈ ਦੇ ਨਾਲ ਕਵਾਡ ਦੇਸ਼ਾਂ ਦੀ ਭਾਈਵਾਲੀ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਇਹਨਾਂ ਸਾਂਝੇਦਾਰੀਆਂ ਨੂੰ ਇਕ ਸਮਾਨ ਪ੍ਰਤੀਕਿਰਿਆ ਦਾ ਸਮਰਥਨ ਕਰਨ ਲਈ ਵਧਾਇਆ ਜਾ ਸਕਦਾ ਹੈ।' ਕੋਵਿਡ-19 ਦਾ ਖ਼ਤਰਾ 'ਨਾਟਕਪੂਰਣ ਤੌਰ' 'ਤੇ ਘੱਟ ਹੋਣ ਦੇ ਮੱਦੇਨਜ਼ਰ ਗੇਟਸ ਨੇ ਚੇਤਾਵਨੀ ਦਿੱਤੀ ਕਿ ਇਹ ਲਗਭਗ ਨਿਸ਼ਚਤ ਹੈ ਕਿ ਦੁਨੀਆ ਇਕ ਹੋਰ ਮਹਾਮਾਰੀ ਦਾ ਗਵਾਹ ਬਣੇਗੀ, ਜਿਸ ਲਈ ਵੈਕਸੀਨ ਨਿਰਮਾਤਾਵਾਂ ਵਿਚਕਾਰ ਸਹਿਯੋਗ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ , 'ਇਹ ਲੋੜ ਵਿਕਾਸਸ਼ੀਲ ਦੇਸ਼ਾਂ ਵਿਚ ਵੈਕਸੀਨ ਨਿਰਮਾਤਾਵਾਂ ਦਾ ਇਕ ਨੈਟਵਰਕ ਬਣਾਉਣ ਵਰਗੀਆਂ ਪਹਿਲਕਦਮੀਆਂ ਨੂੰ ਬਹੁਤ ਰੋਮਾਂਚਕ ਬਣਾਉਂਦੀ ਹੈ।' 

ਇਹ ਵੀ ਪੜ੍ਹੋ: ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਟੀਕਾਕਰਨ ਲਈ ਭਾਰਤ-ਅਮਰੀਕਾ ਭਾਈਵਾਲੀ ਮਹੱਤਵਪੂਰਨ: ਤਰਨਜੀਤ ਸੰਧੂ

ਸਾਰੀਆਂ ਧਿਰਾਂ ਸਮਝਦੀਆਂ ਹਨ ਕਿ ਜੇਕਰ ਅਸੀਂ ਕੋਵਿਡ-19 ਨੂੰ ਅੰਤਮ ਮਹਾਮਾਰੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਹਿਯੋਗੀ ਯਤਨਾਂ ਵਿਚ ਨਿਵੇਸ਼ ਕਰਨਾ ਜਾਰੀ ਰੱਖਣਾ ਹੋਵੇਗਾ।' ਗੇਟਸ ਅਨੁਸਾਰ, 'ਅਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਨੂੰ ਬਿਹਤਰ ਤਕਨਾਲੋਜੀ ਵਿਕਸਿਤ ਕਰਨ ਦੀ ਪ੍ਰੇਰਨਾ ਕਿੱਥੋਂ ਮਿਲੇਗੀ, ਪਰ ਅਸੀਂ ਜਾਣਦੇ ਹਾਂ ਕਿ ਅੱਜ ਸਾਡਾ ਨਿਵੇਸ਼ ਇਹ ਨਿਰਧਾਰਤ ਕਰੇਗਾ ਕਿ ਕੀ ਇਹ ਪ੍ਰੇਰਨਾ ਸਮੇਂ 'ਤੇ ਮਿਲਦੀ ਹੈ ਅਤੇ ਕੀ ਉਨ੍ਹਾਂ ਸਾਰੇ ਦੇਸ਼ਾਂ ਵਿਚ ਇਸ ਦੀ ਪਹੁੰਚ ਯਕੀਨੀ ਕਰਨਾ ਸੰਭਵ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ।'

ਇਹ ਵੀ ਪੜ੍ਹੋ: ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਟੀਕਾਕਰਨ ਲਈ ਭਾਰਤ-ਅਮਰੀਕਾ ਭਾਈਵਾਲੀ ਮਹੱਤਵਪੂਰਨ: ਤਰਨਜੀਤ ਸੰਧੂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News