ਪੰਜਾਬ ਵਾਸੀਆਂ ਨੂੰ ਮੁਫ਼ਤ ਲੱਗੇਗੀ ਇਹ ਵੈਕਸੀਨ! ਮਾਨ ਸਰਕਾਰ ਨੇ ਦਿੱਤੀ ਇਕ ਹੋਰ ਵੱਡੀ ਸਹੂਲਤ

Monday, Jul 28, 2025 - 10:35 AM (IST)

ਪੰਜਾਬ ਵਾਸੀਆਂ ਨੂੰ ਮੁਫ਼ਤ ਲੱਗੇਗੀ ਇਹ ਵੈਕਸੀਨ! ਮਾਨ ਸਰਕਾਰ ਨੇ ਦਿੱਤੀ ਇਕ ਹੋਰ ਵੱਡੀ ਸਹੂਲਤ

ਮੋਹਾਲੀ (ਰਣਬੀਰ) : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹੁਣ ਜ਼ਿਲ੍ਹੇ ਦੇ ਸਾਰੇ 40 ਆਮ ਆਦਮੀ ਕਲੀਨਿਕਾਂ ’ਚ ਵੀ ਐਂਟੀ ਰੇਬੀਜ਼ ਵੈਕਸੀਨ ਉਪਲੱਬਧ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ’ਚ ਪੁਲਾਂਘ ਪੁੱਟਦਿਆਂ ਆਮ ਆਦਮੀ ਕਲੀਨਿਕਾਂ ’ਚ ਕਈ ਨਵੀਆਂ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਦਕਿ ਬਾਕੀ ਸਰਕਾਰੀ ਸਿਹਤ ਸੰਸਥਾਵਾਂ ’ਚ ਇਹ ਵੈਕਸੀਨ ਪਹਿਲਾਂ ਹੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਜਾਨਵਰਾਂ ਦੇ ਵੱਢਣ ਦੇ ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬੀਓ! 50 ਰੁਪਏ ਨਾਲ ਜਿੱਤੋ 25 ਲੱਖ, ਭਲਕੇ ਸ਼ੁਰੂ ਹੋਵੇਗੀ ਧਮਾਕੇਦਾਰ ਸਕੀਮ

ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ’ਤੇ ਰੇਬੀਜ਼ ਦਾ ਇਲਾਜ ਬਿਲਕੁਲ ਮੁਫ਼ਤ ਹੈ। ਐਂਟੀ-ਰੇਬੀਜ਼ ਵੈਕਸੀਨ (ਏ. ਆਰ. ਵੀ.) ਰੇਬੀਜ਼ ਨੂੰ ਰੋਕਦੀ ਹੈ। ਉਨ੍ਹਾਂ ਦੱਸਿਆ ਕਿ ਰੇਬੀਜ਼ ਜਾਂ ਹਲਕਾਅ ਦਾ ਇਹ ਰੋਗ 100 ਫ਼ੀਸਦੀ ਜਾਨਲੇਵਾ ਪਰ 100 ਫ਼ੀਸਦੀ ਰੋਕਥਾਮਯੋਗ ਹੈ, ਜੇਕਰ ਜਲਦੀ ਇਲਾਜ ਕੀਤਾ ਜਾਵੇ। ਕਲੀਨਿਕਾਂ ’ਚ ਲੋੜੀਂਦੇ ਟੀਕੇ ਦਾ ਪੂਰਾ ਭੰਡਾਰ ਤੇ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ਼ ਤਾਇਨਾਤ ਹੈ ਤਾਂ ਜੋ ਸੁਚਾਰੂ, ਤੇਜ਼ ਤੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਇਆ ਜਾ ਸਕੇ। ਡਾ. ਜੈਨ ਨੇ ਦੱਸਿਆ ਕਿ ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ਼ ਕੁੱਤੇ ਦੇ ਵੱਢਣ ਨਾਲ ਫ਼ੈਲ ਸਕਦਾ ਹੈ। ਹਾਲਾਂਕਿ ਇਸ ਦੇ ਉਲਟ ਇਹ ਬੀਮਾਰੀ ਕੁੱਤਿਆਂ ਤੱਕ ਹੀ ਸੀਮਤ ਨਹੀਂ, ਸਗੋਂ ਇਹ ਬਿੱਲੀਆਂ, ਬਾਂਦਰਾਂ, ਬੱਕਰੀਆਂ, ਚਮਗਿੱਦੜਾਂ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਧੀਆਂ ਨੂੰ ਵੱਡੀ ਰਾਹਤ, 15 ਜ਼ਿਲ੍ਹਿਆਂ ਦੀਆਂ ਕੁੜੀਆਂ ਨੂੰ ਮਿਲੇਗਾ ਫ਼ਾਇਦਾ

ਇਹ ਵਾਇਰਸ ਸੰਕਰਮਿਤ ਜਾਨਵਰਾਂ ਦੀ ਲਾਰ ’ਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖਾਂ ’ਚ ਦਾਖ਼ਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ਼ ਦੇ ਸੰਕਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ਼ ਦਾ ਟੀਕਾ ਲਗਵਾਓ। ਉਨ੍ਹਾਂ ਆਮ ਲੋਕਾਂ ਨੂੰ ਦੇਸੀ-ਨੁਸਖ਼ਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਜ਼ਖਮ ’ਤੇ ਮਿਰਚਾਂ ਆਦਿ ਨਹੀਂ ਲਗਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਬੀਮਾਰੀ ਘਾਤਕ ਹੋ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ’ਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ’ਤੇ ਲੋਕਾਂ ਨੂੰ ਹਲਕਾਅ ਦੀ ਬੀਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰੇਬੀਜ਼ ਤੋਂ ਬਚਣ ਦਾ ਤਰੀਕਾ ਸਿਰਫ਼ ਇਸ ਦੀ ਰੋਕਥਾਮ ਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News