ਬਿਲਾਵਲ ਭੁੱਟੋ ਨੇ ਪਾਈ ਇਮਰਾਨ ਖ਼ਾਨ ਨੂੰ ਝਾੜ, ‘ਪਾਕਿ ’ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਠੁਕਰਵਾਉਣ ਦਾ ਦਾਅਵਾ ਝੂਠ’
Saturday, Jul 10, 2021 - 12:10 PM (IST)
ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜਰਦਾਰੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਪਾਕਿਸਤਾਨ ’ਚ ਫੌਜੀ ਟਿਕਾਣਿਆਂ ਦੀ ਇਜਾਜ਼ਤ ਦੇਣ ਦੇ ਖ਼ਿਲਾਫ਼ ਕਦਮ ਚੁੱਕੇ ਜਾਣ ਦੇ ਦਾਅਵਿਆਂ ਦੀ ਨਿੰਦਿਆ ਕੀਤੀ ਹੈ। ਡਾਅਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਦਾਅਵੇ ਝੂਠੇ ਹਨ ਕਿਉਂਕਿ ਕਿਸੇ ਨੇ ਸਰਕਾਰ ਕੋਲੋਂ ਟਿਕਾਣਿਆਂ ਲਈ ਬੇਨਤੀ ਨਹੀਂ ਕੀਤੀ ਸੀ।
ਹਵੇਲੀ ’ਚ ਇਕ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਬਿਲਾਵਲ ਨੇ ਕਿਹਾ, ‘ਤੁਸੀਂ ਸੁਣ ਰਹੇ ਹੋਵੋਗੇ ਕਿ ਅਮਰੀਕਾ ਨੂੰ ਟਿਕਾਣੇ ਨਹੀਂ ਦਿੱਤੇ ਜਾਣਗੇ ਤੇ ਪ੍ਰਧਾਨ ਮੰਤਰੀ ਨੇ ਇਕ ਸਟੈਂਡ ਲਿਆ ਹੈ। ਤੁਹਾਨੂੰ ਸੱਚਾਈ ਦੱਸ ਦੇਈਏ ਕਿ ਕਿਸੇ ਨੇ ਉਨ੍ਹਾਂ ਕੋਲੋਂ ਪੁੱਛਿਆ ਤਕ ਨਹੀਂ। ਕਿਸੇ ਨੇ ਉਨ੍ਹਾਂ ਨੂੰ ਫੋਨ ਨਹੀਂ ਕੀਤਾ। ਕਿਸੇ ਨੇ ਉਨ੍ਹਾਂ ਕੋਲੋਂ ਫੌਜੀ ਟਿਕਾਣਿਆਂ ਦੀ ਮੰਗ ਨਹੀਂ ਕੀਤੀ। ਉਹ ਖ਼ੁਦ ਕੋਲੋਂ ਇਹ ਗੱਲਾਂ ਕਹਿ ਰਹੇ ਹਨ।’
ਪਿਛਲੇ ਮਹੀਨੇ ਇਕ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਅਮਰੀਕਾ ਨੂੰ ਕੋਈ ਬੇਸ ਬਣਾਉਣ ਤੇ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗਾ। ਅਸੀਂ ਕੋਈ ਟਿਕਾਣਾ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਅਫਗਾਨਿਸਤਾਨ ’ਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਪਾਕਿਸਤਾਨੀ ਖੇਤਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇਵਾਂਗੇ। ਇਮਰਾਨ ਦੇ ਇਸ ਬਿਆਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਤੇ ਇਸ ਨੂੰ ਸਰਕਾਰੀ ਅਕਾਊਂਟਸ ਤੋਂ ਕਾਫੀ ਸ਼ੇਅਰ ਕੀਤਾ ਗਿਆ।
ਬਿਲਾਵਲ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਸਾਬਕਾ ਫੌਜੀ ਤਾਨਾਸ਼ਾਹ ਤੇ ਸੇਵਾਮੁਕਤ ਜਨਰਲ ਪਰਵੇਜ਼ ਮੁਸ਼ਰਫ ਨੇ ਅਮਰੀਕਾ ਨੂੰ ਟਿਕਾਣੇ ਮੁਹੱਈਆ ਕਰਵਾਏ ਸਨ ਤੇ ਪੀ. ਪੀ. ਪੀ. ਨੇ ਉਨ੍ਹਾਂ ਨੂੰ ਬੰਦ ਕੀਤਾ ਸੀ। ਬਿਲਾਵਲ ਨੇ ਦਾਅਵਾ ਕੀਤਾ ਕਿ ਸਿਰਫ ਪੀ. ਪੀ. ਪੀ. ਨੇ ਹੀ ਆਪਣੇ ਕਾਰਜਕਾਲ ਦੌਰਾਨ ਵਾਸ਼ਿੰਗਟਨ ਖ਼ਿਲਾਫ਼ ਰੁਖ਼ ਅਪਣਾਇਆ ਸੀ ਤੇ ਟਿਕਾਣਿਆਂ ਨੂੰ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਨੇ 2011 ਦੀ ਸਲਾਲਾ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਦੀ ਸੰਸਦ ਨੇ ਅਮਰੀਕੀ ਟਿਕਾਣਿਆਂ ਨੂੰ ਬੰਦ ਕਰਨ ਤੇ ਨਾਟੋ ਆਪੂਰਤੀ ਲਾਈਨਾਂ ਨੂੰ ਬੰਦ ਕਰਨ ਬਾਰੇ ਇਕ ਸਟੈਂਡ ਲਿਆ ਸੀ, ਜਦੋਂ ਤਕ ਕਿ ਅਮਰੀਕਾ ਨੇ ਪਾਕਿਸਤਾਨੀ ਫੌਜੀਆਂ ਦੀ ਮੌਤ ਲਈ ਮੁਆਫ਼ੀ ਨਹੀਂ ਮੰਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।