ਇਟਲੀ 'ਚ ਪੰਜਾਬੀਆਂ ਦੀਆਂ ਆਪਸੀ ਰੰਜਿਸ਼ਾਂ ਸਮੁੱਚੇ ਭਾਈਚਾਰੇ ਲਈ ਬਣ ਰਹੀਆਂ ਸ਼ਰਮਿੰਦਗੀ ਦਾ ਵੱਡਾ ਕਾਰਨ

Thursday, Mar 02, 2023 - 07:06 PM (IST)

ਇਟਲੀ 'ਚ ਪੰਜਾਬੀਆਂ ਦੀਆਂ ਆਪਸੀ ਰੰਜਿਸ਼ਾਂ ਸਮੁੱਚੇ ਭਾਈਚਾਰੇ ਲਈ ਬਣ ਰਹੀਆਂ ਸ਼ਰਮਿੰਦਗੀ ਦਾ ਵੱਡਾ ਕਾਰਨ

ਰੋਮ (ਕੈਂਥ) : ਇਟਲੀ 'ਚ ਜਦੋਂ ਤੋਂ ਭਾਰਤੀ ਲੋਕਾਂ ਨੇ ਆਪਣੀ ਕਾਬਲੀਅਤ ਦੇ ਝੰਡੇ ਬੁਲੰਦ ਕੀਤੇ ਹਨ, ਉਦੋਂ ਤੋਂ ਹੀ ਆਪਣੀ ਚੌਧਰਬਾਜ਼ੀ ਦੇ ਦਮਗੱਜੇ ਮਾਰਦਿਆਂ ਕਈ ਅਜਿਹੇ ਹਿੰਸਕ ਕਾਂਡ ਵੀ ਕੀਤੇ, ਜਿਸ ਨਾਲ ਇਟਲੀ 'ਚ ਰੈਣ-ਬਸੇਰਾ ਕਰਦਾ ਸਮੁੱਚਾ ਭਾਰਤੀ ਭਾਈਚਾਰਾ ਸਿਰਫ਼ ਸ਼ਰਮਸਾਰ ਹੀ ਨਹੀਂ ਹੋਇਆ ਸਗੋਂ ਇਟਾਲੀਅਨ ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਹੀਰੋ ਤੋਂ ਜ਼ੀਰੋ ਹੁੰਦਾ ਵੀ ਨਜ਼ਰੀਂ ਆ ਰਿਹਾ ਹੈ। ਇਟਲੀ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਤਕਰੀਬਨ ਭਾਰਤੀਆਂ ਦੀ ਕੋਈ ਨਾ ਕੋਈ ਕਿਹਾ-ਸੁਣੀ ਹੋਈ ਹੀ ਰਹਿੰਦੀ ਹੈ।

ਇਹ ਵੀ ਪੜ੍ਹੋ : ਪਾਕਿ PM ਨੇ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਦੂਤ ਕੀਤਾ ਨਿਯੁਕਤ, ਜਾਣੋ ਕਿਉਂ ਸੌਂਪੀ ਸਰਦਾਰ ਨੂੰ ਜ਼ਿੰਮੇਵਾਰੀ

ਹਾਲ ਹੀ 'ਚ ਇਟਲੀ ਦੇ ਮਿੰਨੀ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਰਾਜਧਾਨੀ ਰੋਮ ਦਾ ਸੂਬਾ ਲਾਸੀਓ ਜਿਹੜਾ ਕਿ ਗੈਰ-ਕਾਨੂੰਨੀ ਭਾਰਤੀਆਂ ਨੂੰ ਆਪਣੀ ਬੁੱਕਲ ਦਾ ਨਿੱਘ ਹੀ ਨਹੀਂ ਦਿੰਦਾ ਸਗੋਂ ਉਨ੍ਹਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨਾ ਵੀ ਸਿਖਾਉਂਦਾ ਹੈ, 'ਚ ਇਕ ਵਾਰ ਫਿਰ ਭਾਰਤੀਆਂ ਦੀਆਂ ਹਉਮੈ ਭਰੀਆਂ ਕਾਰਵਾਈਆਂ ਨੂੰ ਲੈ ਕੇ ਖੜਕੀਆਂ ਡਾਂਗਾਂ ਸਥਾਨਕ ਇਟਾਲੀਅਨ ਮੀਡੀਆ ਲਈ ਖੂਬ ਸੁਰਖੀਆਂ ਬਟੌਰ ਰਹੀਆਂ ਹਨ, ਜਿਸ ਨੂੰ ਸਿਵਾਏ ਭਾਰਤੀਆਂ ਦੇ ਹੋਰ ਸਭ ਭਾਈਚਾਰੇ ਦੇ ਲੋਕ ਸੁਆਦ ਲੈ-ਲੈ ਪੜ੍ਹਦੇ ਵੀ ਹਨ ਤੇ ਨਾਲ ਹੀ ਇਹ ਖਿੱਲੀ ਵੀ ਉਡਾ ਰਹੇ ਹਨ ਕਿ ਪੰਜਾਬੀ ਭਾਰਤੀਆਂ ਨੂੰ ਕਦੀ ਵੀ ਢੰਗ ਨਾਲ ਰਹਿਣਾ ਹੀ ਨਹੀਂ ਆ ਸਕਦਾ। ਵਾਪਰੀ ਘਟਨਾ ਜਿਸ ਵਿੱਚ 2 ਪੰਜਾਬੀ ਗੁੱਟਾਂ ਦੀ ਨਿੱਜੀ ਰੰਜਿਸ਼ ਕਾਰਨ ਮਾਹੌਲ ਅਜਿਹਾ ਬਣ ਗਿਆ ਕਿ ਇਕ ਵੱਡਾ ਗੁੱਟ ਦੂਜੇ ਪੰਜਾਬੀ ਗੁੱਟ ਨੂੰ ਲਲਕਾਰ ਰਿਹਾ ਸੀ।

ਇਹ ਵੀ ਪੜ੍ਹੋ : ਚੱਲਦੀ ਟ੍ਰੇਨ ’ਚੋਂ ਉੱਤਰਦੇ ਵਾਪਰਿਆ ਭਾਣਾ, ਔਰਤ ਉੱਪਰੋਂ ਲੰਘੇ ਟ੍ਰੇਨ ਦੇ 5 ਡੱਬੇ 

ਕਰੀਬ 20 ਤੋਂ 25 ਭਾਰਤੀ ਪੰਜਾਬੀਆਂ ਦੀ ਪਿੰਡ ਬੋਰਗੋ ਹਰਮਾਦਾ ਵਿਖੇ ਚੱਲੀ ਇਹ ਮਹਾਭਾਰਤ ਕਈ ਇਟਾਲੀਅਨ ਲੋਕਾਂ ਲਈ ਵੱਡੀ ਸਿਰਦਰਦੀ ਬਣੀ। ਜੁੱਤਮ-ਜੁੱਤੀ ਹੁੰਦੇ ਪੰਜਾਬੀਆਂ ਨੇ ਕਿਸੇ ਦੂਜੇ ਨੂੰ ਪਹਿਲਾਂ ਰੱਜ ਕੇ ਗਾਲੀ-ਗਲੋਚ ਕੀਤੀ ਤੇ ਫਿਰ ਆਪਸ ਵਿੱਚ ਅਜਿਹੇ ਫਸੇ ਕਿ ਕੁਝ ਦੇ ਸਿਰ ਖੁੱਲ੍ਹੇ, ਹੱਡੀਆਂ ਦੀ ਭੰਨ-ਤੋੜ ਹੋਈ ਤੇ ਹਸਪਤਾਲ ਜਾ ਪੁੱਜੇ। ਵਾਰਦਾਤ ਤੋਂ ਬਾਅਦ ਹਿੰਸਕ ਗੁੱਟ ਦੇ ਲੋਕ 9-2-11 ਹੋ ਗਏ, ਜਦੋਂ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਸ ਹਰਕਤ ਵਿੱਚ ਆ ਗਈ। ਇਕ ਗੁੱਟ ਦੇ 2 ਭਾਰਤੀਆਂ ਤੋਂ ਪੁੱਛ-ਪੜਤਾਲ ਜਾਰੀ ਹੈ, ਜਿਹੜੇ ਕਿ ਪੁਲਸ ਹਿਰਾਸਤ ਵਿੱਚ ਹਨ, ਜਦੋਂ ਕਿ ਦੂਜੇ ਗੁੱਟ ਦੇ ਮੁਖੀ ਤੋਂ ਕਈ ਘੰਟੇ ਪੁਲਸ ਪੁੱਛ-ਪੜਤਾਲ ਕਰ ਚੁੱਕੀ ਹੈ। ਬਾਕੀਆਂ ਦੀ ਭਾਲ ਲਈ ਪੁਲਸ ਚੌਕੰਨੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

ਇਸ ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਦੋਵਾਂ ਗੁੱਟਾਂ ਵੱਲੋਂ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਅੰਤ ਗੱਲ ਡਾਂਗਾਂ ਤੱਕ ਆ ਪਹੁੰਚੀ। ਦੋਵਾਂ ਭਾਰਤੀ ਗੁੱਟਾਂ ਨੇ ਦੇਸ਼, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਦੀ ਪ੍ਰਵਾਹ ਕੀਤੇ ਬਿਨਾਂ ਸਿਰਫ਼ ਆਪਣੇ-ਆਪ ਨੂੰ ਸਹੀ ਸਿੱਧ ਕਰਨ ਲਈ ਇਸ ਵਾਰਦਾਤ ਨੂੰ ਬਿਨਾਂ ਇਹ ਸੋਚੇ ਅੰਜਾਮ ਦੇ ਦਿੱਤਾ ਕਿ ਇਸ ਘਟਨਾ ਨਾਲ ਪਿੰਡ ਵਿੱਚ ਰਹਿੰਦੇ ਸੈਂਕੜੇ ਪੰਜਾਬੀਆਂ ਦੀ ਛਵੀ ਨੂੰ ਕਿੰਨੀ ਵੱਡੀ ਢਾਹ ਲੱਗੇਗੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਇੰਡੋਨੇਸ਼ੀਆ ’ਚ ਅੱਜ ਵੀ ਮੌਜੂਦ ਹੈ 3,000 ਸਾਲ ਪੁਰਾਣਾ ਲੌਂਗ ਦਾ ਦਰੱਖਤ

ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ 2 ਭਾਰਤੀ ਗੁੱਟਾਂ ਦੀ ਇਕ ਅਜਿਹੀ ਲੜਾਈ ਇਕ ਪਰਿਵਾਰ ਦੇ ਮੁਖੀ ਦੀ ਮੌਤ ਦਾ ਕਾਰਨ ਬਣ ਕੇ ਇਕ ਬੱਚੇ ਨੂੰ ਯਤੀਮ ਬਣਾਉਣ ਦਾ ਕਾਰਨ ਬਣ ਚੁੱਕੀ ਹੈ। ਇਸ ਲੜਾਈ ਨੇ ਉਦੋਂ ਜ਼ਿਲ੍ਹੇ ਦੀ ਪੁਲਸ ਦੇ ਹੱਥ-ਪੈਰ ਫੁਲਾ ਦਿੱਤੇ ਸਨ ਤੇ ਹੁਣ ਤੱਕ ਕਈ ਲੋਕਾਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਵੀ ਪੁਲਸ ਜਾਂਚ ਕਰ ਰਹੀ ਹੈ ਕਿ ਆਖਿਰ ਕਿਉਂ ਭਾਰਤੀ ਪੰਜਾਬੀ ਸਾਊ ਸੋਚ ਤੇ ਸੁਭਾਅ ਦੇ ਮਾਲਕ ਹੋਣ ਦੇ ਬਾਵਜੂਦ ਅਜਿਹੇ ਸਮਾਜ ਤੇ ਮਨੁੱਖਤਾ ਵਿਰੋਧੀ ਕਾਂਡ ਕਰਨ ਲਈ ਨਾਸਮਝ ਬਣ ਜਾਂਦੇ ਹਨ। ਇਟਲੀ 'ਚ ਜਿਹੜੇ ਵੀ ਭਾਰਤੀ ਅਜਿਹੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਹਨ, ਇਟਾਲੀਅਨ ਪ੍ਰਸ਼ਾਸਨ ਉਨ੍ਹਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣ ਲਈ 100 ਵਾਰ ਸੋਚਦਾ ਹੈ।

ਇਹ ਵੀ ਪੜ੍ਹੋ : ਕੈਨੇਡੀਅਨ MP ਜਾਰਜ ਚਾਹਲ ਇੰਡੋ-ਪੈਸੀਫਿਕ ਰਣਨੀਤੀ ਨੂੰ ਵਧਾਉਣ ਪਹੁੰਚੇ ਭਾਰਤ, ਨਿਵੇਸ਼ ਨੂੰ ਲੈ ਕੇ ਪ੍ਰਗਟਾਈ ਇਹ ਇੱਛਾ

ਅੱਜ ਵੀ ਸੈਂਕੜੇ ਅਜਿਹੇ ਪੰਜਾਬੀ ਭਾਰਤੀਆਂ ਨੂੰ ਪ੍ਰਸ਼ਾਸਨ ਨਿਵਾਸ ਆਗਿਆ ਵੀ 6 ਮਹੀਨੇ ਤੋਂ ਵੱਧ ਨਹੀਂ ਦਿੰਦਾ, ਜਿਸ ਕਾਰਨ ਕਈ ਹੋਰ ਬੇਕਸੂਰ ਲੋਕ ਵੀ ਰਗੜ ਹੋ ਰਹੇ ਹਨ, ਜੋ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਵਿਚਾਰਨਯੋਗ ਭੱਖਦਾ ਮੁੱਦਾ ਹੈ। ਪੁਲਸ ਪ੍ਰਸ਼ਾਸਨ ਇਹ ਸਮਝਦਾ ਹੈ ਕਿ ਭਾਰਤੀ ਲੋਕ ਵੀ ਹੁਣ ਮਾਫੀਆ ਬਣਨਾ ਚਾਹੁੰਦੇ ਹਨ, ਜਿਸ ਨੂੰ ਹਰ ਹਾਲਤ ਵਿੱਚ ਖਤਮ ਕਰਨਾ ਪੁਲਸ ਦੀ ਵੱਡੀ ਜ਼ਿੰਮੇਵਾਰੀ ਹੈ ਤਾਂ ਜੋ ਲੋਕ ਦੇਸ਼ ਵਿੱਚ ਅਮਨ-ਸ਼ਾਂਤੀ ਤੇ ਪਿਆਰ ਨਾਲ ਰਹਿੰਦੇ ਹੋਏ ਇਟਲੀ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News