ਬਾਈਡੇਨ ਦੁਬਾਰਾ ਸ਼ੁਰੂ ਕਰਨਗੇ ਸਰਕਾਰੀ ਸਿਹਤ ਬੀਮਾ ਯੋਜਨਾ
Thursday, Jan 28, 2021 - 01:54 PM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ ਸਰਕਾਰੀ ਸਿਹਤ ਬੀਮਾ ਯੋਜਨਾ ਦੁਬਾਰਾ ਸ਼ੁਰੂ ਕਰਨ ਵਾਲੇ ਹਨ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਦੌਰ ’ਚ ਲੋਕਾਂ ਨੂੰ ਸਿਹਤ ਬੀਮਾ ਦਾ ਕਵਚ ਮਿਲ ਸਕੇਗਾ।
ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਬਾਈਡੇਨ ਵੀਰਵਾਰ ਨੂੰ ਇਸ ਸਬੰਧ ’ਚ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕਰਨਗੇ। ਯੋਜਨਾ ਦੇ ਵੱਖ-ਵੱਖ ਪਹਿਲੂਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ।
ਕੋਵਿਡ-19 ਮਹਾਮਾਰੀ ਕਾਰਣ ਪੈਦਾ ਆਰਥਿਕ ਸੰਕਟ ਕਾਰਣ ਰੁਜ਼ਗਾਰ ਖੁੱਸ ਜਾਣ ਨਾਲ ਸਿਹਤ ਬੀਮਾ ਦੇ ਦਾਇਰੇ ਤੋਂ ਬਾਹਰ ਰਹਿਣ ਵਾਲੇ ਅਮਰੀਕੀਆਂ ਦੀ ਗਿਣਤੀ ਵਧੀ ਹੈ ਪਰ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਦੇ ਇਸ ਯੋਜਨਾ ’ਚ ਸ਼ਾਮਲ ਹੋਣ ਲਈ ਵਿਸ਼ੇਸ਼ ਮੌਕੇ ਦੇਣ ਦੀ ਮੰਗ ਦਾ ਵਿਰੋਧ ਕੀਤਾ ਸੀ। ਵ੍ਹਾਈਟ ਹਾਉਸ ਨੇ ਬਾਈਡੇਨ ਦੇ ਸੰਭਾਵਿਤ ਆਦੇਸ਼ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਵਿਅਕਤੀਆਂ ਨੇ ਦੱਸਿਆ ਕਿ ਯੋਜਨਾ ’ਚ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਤਤਕਾਲ ਪ੍ਰਭਾਵ ਨਾਲ ਲਾਗੂ ਨਹੀਂ ਹੋਵੇਗਾ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਭ ਤੋਂ ਵੱਧ ਮੌਤਾਂ ਵੀ ਅਮਰੀਕਾ ਵਿਚ ਹੀ ਹੋਈਆਂ ਹਨ।