ਗਨੀ ਅਤੇ ਅਬਦੁੱਲਾ ਨਾਲ ਬਾਈਡੇਨ 25 ਜੂਨ ਨੂੰ ਵ੍ਹਾਈਟ ਹਾਊਸ ’ਚ ਕਰਨਗੇ ਮੁਲਾਕਾਤ

Monday, Jun 21, 2021 - 04:44 PM (IST)

ਗਨੀ ਅਤੇ ਅਬਦੁੱਲਾ ਨਾਲ ਬਾਈਡੇਨ 25 ਜੂਨ ਨੂੰ ਵ੍ਹਾਈਟ ਹਾਊਸ ’ਚ ਕਰਨਗੇ ਮੁਲਾਕਾਤ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਥੋਂ ਦੀ ਰਾਸ਼ਟਰੀ ਸੁਲਾਹ ਉੱਚ ਪ੍ਰੀਸ਼ਦ (ਹਾਈ ਕੌਂਸਲ ਫਾਰ ਨੈਸ਼ਨਲ ਰਿਕੰਸਿਲੀਏਸ਼ਨ) ਦੇ ਪ੍ਰਧਾਨ ਡਾ. ਅਬਦੁੱਲਾ ਅਬਦੁੱਲਾ ਨਾਲ 25 ਜੂਨ ਨੂੰ ਵ੍ਹਾਈਟ ਹਾਊਸ ’ਚ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਐਤਵਾਰ ਕਿਹਾ, “ਰਾਸ਼ਟਰਪਤੀ ਗਨੀ ਅਤੇ ਡਾ. ਅਬਦੁੱਲਾ ਦੀ ਯਾਤਰਾ (ਅਫਗਾਨਿਸਤਾਨ ’ਚ ਨਾਟੋ) ਫੌਜੀਆਂ ਦੀ ਗਿਣਤੀ ਘੱਟ ਕੀਤੇ ਜਾਣ ਦਰਮਿਆਨ ਅਮਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਸਥਾਈ ਭਾਈਵਾਲੀ ਨੂੰ ਰੇਖਾਂਕਿਤ ਕਰੇਗੀ।” ਉਨ੍ਹਾਂ ਕਿਹਾ ਕਿ ਬਾਈਡੇਨ 25 ਜੂਨ ਨੂੰ ਵ੍ਹਾਈਟ ਹਾਊਸ ’ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਰਾਸ਼ਟਰੀ ਸੁਲਾਹ ਉੱਚ ਪ੍ਰੀਸ਼ਦ ਦੇ ਪ੍ਰਧਾਨ ਡਾ. ਅਬਦੁੱਲਾ ਅਬਦੁੱਲਾ ਦਾ ਸਵਾਗਤ ਕਰਨ ਲਈ ਉਤਸੁਕ ਹਨ।’’

ਸਾਕੀ ਨੇ ਕਿਹਾ ਕਿ ਅਮਰੀਕਾ, ਅਫਗਾਨ ਔਰਤਾਂ, ਲੜਕੀਆਂ ਤੇ ਘੱਟਗਿਣਤੀਆਂ ਸਮੇਤ ਅਫਗਾਨ ਨਾਗਰਿਕਾਂ ਦਾ ਸਮਰਥਨ ਕਰਨ ਲਈ ਕੂਟਨੀਤਕ, ਆਰਥਿਕ ਅਤੇ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨਾ ਜਾਰੀ ਰੱਖੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਦੇਸ਼ ਦੁਬਾਰਾ ਅਮਰੀਕਾ ਨੂੰ ਧਮਕੀ ਦੇਣ ਵਾਲੇ ਅੱਤਵਾਦੀ ਸਮੂਹਾਂ ਦੀ ਪਨਾਹਗਾਹ ਨਹੀਂ ਬਣਦਾ। ਸਾਕੀ ਨੇ ਕਿਹਾ, “ਅਮਰੀਕਾ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ ਅਤੇ ਸਾਰੇ ਅਫਗਾਨ ਪੱਖਾਂ ਨੂੰ ਸੰਘਰਸ਼ ਖਤਮ ਕਰਨ ਲਈ ਗੱਲਬਾਤ ’ਚ ਅਰਥਪੂਰਨ ਤੌਰ ’ਤੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ।’’


author

Manoj

Content Editor

Related News