ਬ੍ਰਾਜ਼ੀਲ 'ਚ ਲੋਕਤੰਤਰੀ ਅਦਾਰਿਆਂ 'ਤੇ ਹੋਏ ਹਮਲੇ ਦੀ ਬਾਈਡੇਨ, ਟਰੂਡੋ ਆਦਿ ਨੇ ਕੀਤੀ ਨਿੰਦਾ
Tuesday, Jan 10, 2023 - 03:58 PM (IST)
ਰੀਓ ਡੀ ਜੇਨੇਰੋ (ਏਜੰਸੀ): ਬ੍ਰਾਜ਼ੀਲ ਵਿਚ ਲੋਕਤੰਤਰੀ ਅਦਾਰਿਆਂ 'ਤੇ ਹੋਏ ਹਮਲਿਆਂ ਦੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਨਿੰਦਾ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਕਿਹਾ ਕਿ ''8 ਜਨਵਰੀ ਨੂੰ ਬ੍ਰਾਜ਼ੀਲ ਦੇ ਲੋਕਤੰਤਰ ਅਤੇ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ 'ਤੇ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਨਿੰਦਾ ਕਰਦੇ ਹਨ। ਅਸੀਂ ਬ੍ਰਾਜ਼ੀਲ ਦੇ ਨਾਲ ਖੜ੍ਹੇ ਹਾਂ ਕਿਉਂਕਿ ਇਹ ਆਪਣੀਆਂ ਲੋਕਤੰਤਰੀ ਸੰਸਥਾਵਾਂ ਦੀ ਰੱਖਿਆ ਕਰਦਾ ਹੈ।''
ਮੈਕਸੀਕੋ ਦੇ ਨੇਤਾਵਾਂ ਨੇ ਇਕ ਬਿਆਨ 'ਚ ਕਿਹਾ ਕਿ''ਸਾਡੀਆਂ ਸਰਕਾਰਾਂ ਬ੍ਰਾਜ਼ੀਲ ਦੇ ਲੋਕਾਂ ਦੀ ਆਜ਼ਾਦੀ ਦੀ ਇੱਛਾ ਦਾ ਸਮਰਥਨ ਕਰਦੀਆਂ ਹਨ। ਅਸੀਂ ਰਾਸ਼ਟਰਪਤੀ ਲੂਲਾ ਦੇ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਾਂ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਾਰਿਆਂ ਨੂੰ ਲੋਕਤਾਂਤਰਿਕ ਪਰੰਪਰਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਸਨੇ ਟਵੀਟ ਕੀਤਾ ਸੀ, “ਬ੍ਰਾਸੀਲੀਆ ਵਿੱਚ ਸਰਕਾਰੀ ਅਦਾਰਿਆਂ ਵਿਰੁੱਧ ਦੰਗਿਆਂ ਅਤੇ ਭੰਨਤੋੜ ਦੀਆਂ ਰਿਪੋਰਟਾਂ ਤੋਂ ਡੂੰਘੀ ਚਿੰਤਾ ਵਿਚ ਹਾਂ। ਸਾਰਿਆਂ ਨੂੰ ਲੋਕਤੰਤਰੀ ਰਵਾਇਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਸੀਂ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਪੈ ਰਿਹੈ ਅਸਰ, ਅਮਰੀਕੀ ਸਕੂਲ ਨੇ ਸੋਸ਼ਲ ਮੀਡੀਆ ਕੰਪਨੀਆਂ 'ਤੇ ਕੀਤਾ ਕੇਸ
ਉੱਧਰ ਬ੍ਰਾਜ਼ੀਲ ਦੀਆਂ ਸੜਕਾਂ ਉਸ ਸਮੇਂ ‘ਕੋਈ ਮੁਆਫ਼ੀ ਨਹੀਂ’ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ ਜਦੋਂ ਸੈਂਕੜੇ ਲੋਕ ਦੇਸ਼ ਦੀਆਂ ਜਮਹੂਰੀ ਸੰਸਥਾਵਾਂ 'ਤੇ ਹੋਏ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਬਾਹਰ ਆ ਗਏ ਅਤੇ ਦੰਗਾ ਕਰਨ ਵਾਲਿਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੰਗਾਕਾਰੀਆਂ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੇ ਸਮਰਥਕਾਂ ਨੇ ਐਤਵਾਰ ਨੂੰ ਰਾਜਧਾਨੀ ਵਿਚ ਸੁਪਰੀਮ ਕੋਰਟ, ਰਾਸ਼ਟਰਪਤੀ ਮਹਿਲ ਅਤੇ ਹੋਰ ਸੰਸਥਾਵਾਂ 'ਤੇ ਹਮਲਾ ਕੀਤਾ, ਜਿਸ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਦੰਗਾਕਾਰੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਨ ਲੱਗੇ। ਫੈਡਰਲ ਪੁਲਸ ਦੇ ਪ੍ਰੈਸ ਦਫਤਰ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਬਲ ਨੇ ਘੱਟੋ-ਘੱਟ 1000 ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਯੋਜਨਾ ਬਣਾਈ ਹੈ ਅਤੇ ਉਨ੍ਹਾਂ ਨੂੰ ਨੇੜੇ ਦੀ ਪਾਪੁਡਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰ ਦਿਓ ਰਾਏ।