ਬਾਈਡੇਨ ਦੇ ਸਹੁੰ ਚੁੱਕ ਸਮਾਗਮ ਨੂੰ 33 ਮਿਲੀਅਨ ਤੋਂ ਵੱਧ ਲੋਕਾਂ ਨੇ ਟੀ. ਵੀ. ''ਤੇ ਦੇਖਿਆ

Friday, Jan 29, 2021 - 12:28 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ 20 ਜਨਵਰੀ ਦੇ ਦਿਨ ਹੋਏ ਸਹੁੰ ਚੁੱਕ ਸਮਾਗਮ ਨੂੰ ਵੱਡੇ ਪੱਧਰ 'ਤੇ ਲਗਭਗ 33 ਮਿਲੀਅਨ ਤੋਂ ਜ਼ਿਆਦਾ ਦੇਸ਼ ਵਾਸੀਆਂ ਵਲੋਂ ਟੀ. ਵੀ. ਉੱਪਰ ਦੇਖਿਆ ਗਿਆ। ਨੀਲਸਨ ਕੰਪਨੀ ਜੋ ਟੀਵੀ ਦਰਸ਼ਕਾਂ ਸੰਬੰਧੀ ਖੋਜ ਦਾ ਕੰਮ ਕਰਦੀ ਹੈ, ਦਾ ਅਨੁਮਾਨ ਹੈ ਕਿ ਤਕਰੀਬਨ 33.8 ਮਿਲੀਅਨ ਲੋਕਾਂ ਨੇ ਬਾਈਡੇਨ ਨੂੰ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਲੈਂਦਿਆਂ ਟੀ. ਵੀ. 'ਤੇ ਵੇਖਿਆ ਹੈ। 

ਨੀਲਸਨ ਅਨੁਸਾਰ ਇਸ ਉਦਘਾਟਨ ਨੂੰ ਵੇਖਣ ਲਈ ਸੀ. ਐੱਨ. ਐੱਨ. ਸਭ ਤੋਂ ਪਸੰਦੀਦਾ ਨੈੱਟਵਰਕ ਸੀ, ਜਿਸ ਨੂੰ ਤਕਰੀਬਨ 10 ਮਿਲੀਅਨ ਲੋਕਾਂ ਵਲੋਂ ਦੇਖਿਆ ਗਿਆ ਜਦਕਿ ਸਭ ਤੋਂ ਘੱਟ ਵੇਖਿਆ ਗਿਆ ਚੈਨਲ ਫੌਕਸ ਨਿਊਜ਼ ਸੀ, ਜਿਸ ਨਾਲ ਲਗਭਗ 2.7 ਮਿਲੀਅਨ ਦਰਸ਼ਕ ਜੁੜੇ ਸਨ। ਨੀਲਸਨ ਅਨੁਸਾਰ ਟੀ. ਵੀ. ਉੱਪਰ ਇਸ ਸਮਾਰੋਹ ਨੂੰ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ 20.8 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਅਤੇ 25 ਤੋਂ 35 ਸਾਲ ਦੀ ਉਮਰ ਦੇ 8.2 ਮਿਲੀਅਨ ਤੋਂ ਵੱਧ ਲੋਕ ਇਸ ਵਿਚ ਸ਼ਾਮਿਲ ਸਨ ਜਦਕਿ 18-34 ਸਾਲ ਦੇ ਲਗਭਗ 2.8 ਮਿਲੀਅਨ ਤੋਂ ਵੱਧ ਦਰਸ਼ਕਾਂ ਨੇ ਆਪਣੀ ਟੀ. ਵੀ. ਸਕਰੀਨ 'ਤੇ ਇਹ ਪ੍ਰੋਗਰਾਮ ਦੇਖਿਆ। 

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਦਘਾਟਨ ਸਮਾਰੋਹ ਦੀ ਕਮੇਟੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸਮਾਰੋਹ ਸੰਬੰਧੀ ਯਾਤਰਾ ਤੋਂ ਬਚਣ ਅਤੇ ਘਰ ਤੋਂ ਹੀ ਦੇਖਣ ਲਈ ਅਪੀਲ ਕੀਤੀ ਸੀ। ਰਾਸ਼ਟਰਪਤੀ ਜੋਅ ਬਾਈਡੇਨ ਦਾ ਸਹੁੰ ਚੁੱਕ ਸਮਾਗਮ ਤਕਰੀਬਨ 33.8 ਮਿਲੀਅਨ ਟੀ. ਵੀ. ਦਰਸ਼ਕਾਂ ਨਾਲ  ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ( 37.8 ਮਿਲੀਅਨ) ਅਤੇ ਰੋਨਾਲਡ ਰੀਗਨ (41.8 ਮਿਲੀਅਨ) ਤੋਂ ਪਿੱਛੇ ਤੀਜੇ ਨੰਬਰ 'ਤੇ ਹੈ ਜਦਕਿ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ 31 ਮਿਲੀਅਨ ਲੋਕਾਂ ਵਲੋਂ ਟੀ. ਵੀ. 'ਤੇ ਵੇਖਿਆ ਗਿਆ ਸੀ।
 


Lalita Mam

Content Editor

Related News