ਬਾਈਡੇਨ ਨੇ ਇਜ਼ਰਾਇਲ ਦੇ ਪੀ. ਐੱਮ. ਨੇਤਨਯਾਹੂ ਨਾਲ ਕੀਤੀ ਗੱਲਬਾਤ, ਈਰਾਨ ਦੇ ਹਮਲੇ ’ਤੇ ਪ੍ਰਗਟਾਈ ਚਿੰਤਾ
Sunday, Apr 14, 2024 - 10:00 PM (IST)
ਇੰਟਰਨੈਸ਼ਨਲ ਡੈਸਕ– ਅਮਰੀਕਾ, ਕੈਨੇਡਾ ਤੇ ਸੰਯੁਕਤ ਰਾਸ਼ਟਰ ਨੇ ਇਜ਼ਰਾਇਲ ’ਤੇ ਈਰਾਨ ਦੇ ਹਮਲੇ ਦੀ ਨਿੰਦਿਆ ਕੀਤੀ ਹੈ, ਜਦਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਾਲਮੇਲ ਜਵਾਬ ਤਿਆਰ ਕਰਨ ਲਈ ਜੀ7 ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਬੁਲਾਉਣ ਦੀ ਗੱਲ ਕੀਤੀ ਹੈ। ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਈਰਾਨ ਵਲੋਂ ਦਾਗੇ ਗਏ 300 ਤੋਂ ਜ਼ਿਆਦਾ ਡਰੋਨ ਤੇ ਮਿਜ਼ਾਈਲਾਂ ’ਚੋਂ 99 ਫ਼ੀਸਦੀ ਤੋਂ ਜ਼ਿਆਦਾ ਨੂੰ ਡੇਗ ਦਿੱਤਾ ਗਿਆ ਹੈ। ਬਾਈਡੇਨ ਨੇ ਕਿਹਾ, ‘‘ਅਸੀਂ ਇਜ਼ਰਾਇਲ ਨੂੰ ਲਗਭਗ ਸਾਰੇ ਡਰੋਨ ਤੇ ਮਿਜ਼ਾਈਲਾਂ ਨੂੰ ਡੇਗਣ ’ਚ ਮਦਦ ਕੀਤੀ।’’
ਬਾਈਡੇਨ ਨੇ ਸ਼ਨੀਵਾਰ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਕਿਹਾ, ‘‘ਅੱਜ ਇਰਾਨ, ਯਮਨ, ਸੀਰੀਆ ਤੇ ਇਰਾਕ ਦੇ ਉਸ ਦੇ ਸਹਿਯੋਗੀਆਂ ਨੇ ਇਜ਼ਰਾਇਲ ’ਚ ਫੌਜੀ ਸਥਾਪਨਾਵਾਂ ’ਤੇ ਇਕ ਵੱਡਾ ਹਵਾਈ ਹਮਲਾ ਕੀਤਾ ਹੈ। ਮੈਂ ਇਨ੍ਹਾਂ ਹਮਲਿਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕਰਦਾ ਹਾਂ।’’ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈ. ਆਰ. ਜੀ. ਸੀ.) ਨੇ ਕਿਹਾ ਕਿ ਇਹ ਹਮਲਾ ‘ਖ਼ਾਸ ਟੀਚਿਆਂ’ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : Big Breaking : ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ, ਚੰਨੀ ਨੂੰ ਜਲੰਧਰ ਤੋਂ ਮਿਲੀ ਟਿਕਟ
ਨੇਤਨਯਾਹੂ ਨੇ ਯੁੱਧ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ
ਸੀਰੀਆ ’ਚ 1 ਅਪ੍ਰੈਲ ਨੂੰ ਹੋਏ ਹਵਾਈ ਹਮਲੇ ’ਚ ਈਰਾਨੀ ਕੌਂਸਲੇਟ ’ਚ ਇਕ ਚੋਟੀ ਦੇ ਕਮਾਂਡਰ ਸਮੇਤ ਆਈ. ਆਰ. ਜੀ. ਸੀ. ਦੇ 7 ਅਧਿਕਾਰੀਆਂ ਦੀ ਮੌਤ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਈਰਾਨ ਨੇ ਇਸ ਹਮਲੇ ਪਿੱਛੇ ਇਜ਼ਰਾਇਲ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਇਜ਼ਰਾਇਲ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੌਰਾਨ ਨੇਤਨਯਾਹੂ ਨੇ ਈਰਾਨ ਦੇ ਹਮਲੇ ਤੋਂ ਬਾਅਦ ‘ਵਾਰ ਕੈਬਨਿਟ’ ਮੀਟਿੰਗ ਬੁਲਾਈ ਤੇ ਬਾਅਦ ’ਚ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਗੱਲ ਕੀਤੀ।
ਨੇਤਨਯਾਹੂ ਨੇ ਕਿਹਾ ਕਿ ਬਾਈਡੇਨ ਨੇ ‘ਇਜ਼ਰਾਇਲ ਦੀ ਸੁਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ’ ਨੂੰ ਦੁਹਰਾਇਆ ਹੈ। ਬਾਈਡੇਨ ਨੇ ਕਿਹਾ ਕਿ ਇਜ਼ਰਾਇਲ ਦੀ ਮਦਦ ਲਈ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਅਮਰੀਕੀ ਫੌਜ ਨੇ ਪਿਛਲੇ ਹਫ਼ਤੇ ਖ਼ੇਤਰ ’ਚ ਹਵਾਈ ਜਹਾਜ਼ ਤੇ ਬੈਲਿਸਟਿਕ ਮਿਜ਼ਾਈਲ ਵਿਨਾਸ਼ਕਾਰੀ ਭੇਜੇ ਸਨ। ਉਨ੍ਹਾਂ ਕਿਹਾ, ‘‘ਮੈਂ ਇਜ਼ਰਾਇਲ ਦੀ ਸੁਰੱਖਿਆ ਲਈ ਅਮਰੀਕਾ ਦੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਗੱਲ ਕੀਤੀ ਸੀ।’’
ਅਮਰੀਕਾ ਨੇ ਇਜ਼ਰਾਇਲ ’ਤੇ ਈਰਾਨ ਦੇ ਹਮਲੇ ਦੀ ਸਖ਼ਤ ਨਿੰਦਿਆ ਕੀਤੀ
ਬਾਈਡੇਨ ਨੇ ਕਿਹਾ, ‘‘ਕੱਲ (ਸੋਮਵਾਰ) ਮੈਂ ਈਰਾਨ ਦੇ ਭਿਆਨਕ ਹਮਲੇ ’ਤੇ ਸੰਯੁਕਤ ਕੂਟਨੀਤਕ ਪ੍ਰਤੀਕਿਰਿਆ ਦਾ ਤਾਲਮੇਲ ਕਰਨ ਲਈ ਆਪਣੇ ਸਾਥੀ ਜੀ7 ਨੇਤਾਵਾਂ ਨਾਲ ਗੱਲਬਾਤ ਕਰਾਂਗਾ ਤੇ ਅਸੀਂ ਇਜ਼ਰਾਇਲ ਦੇ ਨੇਤਾ ਦੇ ਸੰਪਰਕ ’ਚ ਰਹਾਂਗੇ। ਹਾਲਾਂਕਿ ਅਸੀਂ ਅੱਜ ਆਪਣੀਆਂ ਫੌਜਾਂ ਜਾਂ ਸਥਾਪਨਾਵਾਂ ’ਤੇ ਹਮਲੇ ਨਹੀਂ ਦੇਖੇ ਹਨ ਪਰ ਅਸੀਂ ਸਾਰੇ ਖ਼ਤਰਿਆਂ ਪ੍ਰਤੀ ਸੁਚੇਤ ਰਹਾਂਗੇ ਤੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰਾਂਗੇ।’’
ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਹਮਲੇ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਂ ਇਨ੍ਹਾਂ ਦੁਸ਼ਮਣੀਆਂ ਨੂੰ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਹਾਂ। ਮੈਂ ਇਸ ਖ਼ੇਤਰ ’ਚ ਵਿਨਾਸ਼ਕਾਰੀ ਹਮਲੇ ਨਾਲ ਜੁੜੇ ਅਸਲ ਖ਼ਤਰੇ ਬਾਰੇ ਡੂੰਘੀ ਚਿੰਤਾ ਕਰਦਾ ਹਾਂ। ਮੈਂ ਸਾਰੀਆਂ ਧਿਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਕਾਰਵਾਈ ਤੋਂ ਬਚਣ ਲਈ ਵੱਧ ਤੋਂ ਵੱਧ ਸੰਜਮ ਵਰਤਣ, ਜੋ ਪੱਛਮੀ ਏਸ਼ੀਆ ’ਚ ਕਈ ਮੋਰਚਿਆਂ ’ਤੇ ਵੱਡੇ ਫੌਜੀ ਟਕਰਾਅ ਦਾ ਕਾਰਨ ਬਣ ਸਕਦਾ ਹੈ।’’
ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੇਨਿਸ ਫ੍ਰਾਂਸਿਸ ਨੇ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, ‘‘ਈਰਾਨ ਨੇ ਦਮਿਸ਼ਕ ’ਚ ਈਰਾਨੀ ਦੂਤਾਵਾਸ ’ਤੇ ਹਾਲ ਹੀ ’ਚ ਹੋਏ ਹਮਲੇ ਤੋਂ ਬਾਅਦ, ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 51 ਦੇ ਸੰਦਰਭ ’ਚ ਇਜ਼ਰਾਇਲ ’ਤੇ ਹਮਲੇ ਨੂੰ ਆਪਣੀ ਕਾਰਵਾਈ ਦੱਸਿਆ ਹੈ। ਈਰਾਨ ਦੇ ਇਸ ਕਦਮ ਨੇ ਪੱਛਮੀ ਏਸ਼ੀਆ ’ਚ ਪਹਿਲਾਂ ਹੀ ਤਣਾਅਪੂਰਨ ਤੇ ਨਾਜ਼ੁਕ ਸ਼ਾਂਤੀ ਤੇ ਸੁਰੱਖਿਆ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।’’
ਕੈਨੇਡਾ ਇਜ਼ਰਾਇਲ ਨਾਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਇਲ ਵਿਰੁੱਧ ਈਰਾਨ ਦੇ ਹਵਾਈ ਹਮਲਿਆਂ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ, “ਅਸੀਂ ਇਜ਼ਰਾਇਲ ਦੇ ਨਾਲ ਹਾਂ। ਹਮਾਸ ਦੇ 7 ਅਕਤੂਬਰ ਦੇ ਹਮਲੇ ਦਾ ਸਮਰਥਨ ਕਰਨ ਤੋਂ ਬਾਅਦ ਈਰਾਨੀ ਸ਼ਾਸਨ ਦਾ ਇਹ ਕਦਮ ਖ਼ੇਤਰ ਨੂੰ ਹੋਰ ਅਸਥਿਰ ਕਰੇਗਾ।’’
ਇਸ ਦੌਰਾਨ ਅਮਰੀਕੀ ਰੱਖਿਆ ਸਕੱਤਰ ਲੋਇਡ ਔਸਟਿਨ ਨੇ ਕਿਹਾ ਕਿ ਅਮਰੀਕੀ ਫੌਜ ਖ਼ੇਤਰ ’ਚ ਆਪਣੇ ਫੌਜੀਆਂ ਤੇ ਭਾਈਵਾਲਾਂ ਦੀ ਸੁਰੱਖਿਆ, ਇਜ਼ਰਾਇਲ ਦੀ ਰੱਖਿਆ ਲਈ ਵਧੇਰੇ ਸਹਾਇਤਾ ਪ੍ਰਦਾਨ ਕਰਨ ਤੇ ਖ਼ੇਤਰੀ ਸਥਿਰਤਾ ਨੂੰ ਵਧਾਉਣ ਲਈ ਉਤਸੁਕ ਹੈ। ਆਸਟਿਨ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੇਗਾ ਤੇ ਅਮਰੀਕੀ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰੇਗਾ। ਉਨ੍ਹਾਂ ਨੇ ਇਜ਼ਰਾਇਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨਾਲ ਵੀ ਗੱਲ ਕੀਤੀ ਤੇ ਇਜ਼ਰਾਇਲ ਦੀ ਰੱਖਿਆ ਲਈ ਅਮਰੀਕਾ ਦੇ ਸਮਰਥਨ ਨੂੰ ਦੁਹਰਾਇਆ।
ਇਸ ਦੇ ਨਾਲ ਹੀ ਸਿੰਗਾਪੁਰ ਨੇ ਇਜ਼ਰਾਇਲ ’ਤੇ ਮਿਜ਼ਾਈਲ ਹਮਲਿਆਂ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਇਸ ਨਾਲ ਤਣਾਅ ਵੱਧ ਸਕਦਾ ਹੈ ਤੇ ਪਹਿਲਾਂ ਤੋਂ ਤਣਾਅਪੂਰਨ ਖ਼ੇਤਰ ਹੋਰ ਅਸਥਿਰ ਹੋ ਸਕਦਾ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਸਿੰਗਾਪੁਰ ਮੱਧ ਪੂਰਬ ’ਚ ਅਸਥਿਰ ਸਥਿਤੀ ਤੇ ਗਾਜ਼ਾ ’ਚ ਜੰਗ ਦੇ ਲਗਾਤਾਰ ਖ਼ਤਰੇ ਨੂੰ ਲੈ ਕੇ ਡੂੰਘੀ ਚਿੰਤਿਤ ਹੈ, ਜਿਸ ਨਾਲ ਵਿਆਪਕ ਖ਼ੇਤਰੀ ਸੰਘਰਸ਼ ਹੋ ਰਿਹਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।