ਬਾਈਡੇਨ ਦਾ ਐਲਾਨ, 100 ਦਿਨਾਂ ''ਚ 10 ਕਰੋੜ ਅਮਰੀਕੀਆਂ ਨੂੰ ਲੱਗੇਗਾ ਕੋਰੋਨਾ ਟੀਕਾ

Saturday, Jan 16, 2021 - 10:03 PM (IST)

ਬਾਈਡੇਨ ਦਾ ਐਲਾਨ, 100 ਦਿਨਾਂ ''ਚ 10 ਕਰੋੜ ਅਮਰੀਕੀਆਂ ਨੂੰ ਲੱਗੇਗਾ ਕੋਰੋਨਾ ਟੀਕਾ

ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਣੇ ਦਫ਼ਤਰ ਦੇ ਪਹਿਲੇ 100 ਦਿਨਾਂ ਵਿਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦੀ ਉਤਸ਼ਾਹੀ ਯੋਜਨਾ ਦੀ ਘੋਸ਼ਣਾ ਕੀਤੀ। ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਵਾਲੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੀ ਟੀਮ ਨਾਲ ਸਿਹਤ ਸੰਕਟ ਦੇ ਹੱਲ ਲਈ ਇਕ ਬੈਠਕ ਕੀਤੀ ਸੀ। 

ਬਾਈਡੇਨ ਨੇ ਵਿਲਮਿੰਗਟਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਵਿਚ ਹੁਣ ਤੱਕ ਟੀਕਾਕਰਨ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ ਅਤੇ ਅੱਜ ਦੀ ਬੈਠਕ ਵਿਚ ਅਸੀਂ 5 ਚੀਜ਼ਾਂ 'ਤੇ ਚਰਚਾ ਕੀਤੀ। ਇਨ੍ਹਾਂ ਪੰਜ ਚੀਜ਼ਾਂ ਨਾਲ ਸਾਡੀ ਨਿਰਾਸ਼ਾ ਆਸ ਵਿਚ ਬਦਲੇਗੀ। ਇਹ ਪੰਜ ਚੀਜ਼ਾਂ ਸਾਡੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ 10 ਕਰੋੜ ਟੀਕੇ ਲਾਉਣੇ ਸਾਡੇ ਟੀਚੇ ਨੂੰ ਪੂਰਾ ਕਰਨ ਵਿਚ ਮਦਦ ਕਰਨਗੀਆਂ। 

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਵਧੇਰੇ ਤਰਜੀਹ ਵਾਲੇ ਸਮੂਹਾਂ ਦੇ ਟੀਕਾਕਰਨ ਦਾ ਕੰਮ ਕਰਾਂਗੇ। ਬਾਈਡੇਨ ਨੇ ਕਿਹਾ ਕਿ ਟੀਕਾਕਰਨ ਲਈ ਅਰਬਾਂ ਡਾਲਰ ਦਾ ਖਰਚ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ ਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਅਤੇ ਸਮਾਜਕ ਦੂਰੀ ਬਣਾ ਕੇ ਰੱਖਣ। ਇਸ ਦੇ ਨਾਲ ਹੀ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਛੱਡਣੀ ਨਹੀਂ ਚਾਹੀਦੀ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤੇ ਮੌਤਾਂ ਦਾ ਅੰਕੜਾ ਵੀ ਇੱਥੇ ਹੀ ਸਭ ਤੋਂ ਵੱਧ ਹੈ। 
 


author

Sanjeev

Content Editor

Related News