ਬਾਈਡੇਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਦੱਸਿਆ "ਯੁੱਧ ਅਪਰਾਧੀ", ਯੂਕ੍ਰੇਨ ਨੂੰ ਭੇਜੀ ਵਿੱਤੀ ਅਤੇ ਜੰਗੀ ਮਦਦ
Thursday, Mar 17, 2022 - 10:03 AM (IST)
 
            
            ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਆਮ ਨਾਗਰਿਕਾਂ 'ਤੇ ਪਏ ਵਿਨਾਸ਼ਕਾਰੀ ਪ੍ਰਭਾਵ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ “ਯੁੱਧ ਅਪਰਾਧੀ” ਦੱਸਿਆ ਹੈ। ਬਾਈਡੇਨ ਨੇ ਵ੍ਹਾਈਟ ਹਾਊਸ 'ਚ ਇਕ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੁਤਿਨ ਇਕ ਜੰਗੀ ਅਪਰਾਧੀ ਹਨ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕੀ ਪੁਤਿਨ ਜੰਗੀ ਅਪਰਾਧੀ ਹੈ, ਜਿਸ ਦੇ ਜਵਾਬ ਵਿਚ ਉਹਨਾਂ ਨੇ ਇਹ ਸ਼ਬਦ ਕਹੇ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਪੁਤਿਨ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ।
ਇਸ ਤੋਂ ਥੋੜ੍ਹੀ ਦੇਰ ਬਾਅਦ, ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦੀਆਂ ਟਿੱਪਣੀਆਂ ਹੀ ਕਾਫੀ ਹਨ। ਅਸੀਂ ਉਹਨਾਂ ਦੇ ਘਿਨਾਉਣੇ ਤਾਨਾਸ਼ਾਹ ਦੀਆਂ ਜਿਹੜੀਆਂ ਕਾਰਵਾਈਆਂ ਟੈਲੀਵਿਜ਼ਨ 'ਤੇ ਦੇਖੀਆਂ ਉਹ ਉਸ ਆਧਾਰ 'ਤੇ ਦਿਲ ਤੋਂ ਬੋਲ ਰਹੇ ਸਨ।ਇਸ ਤੋਂ ਪਹਿਲਾਂ ਬਾਈਡੇਨ ਨੇ ਯੂਕ੍ਰੇਨ ਲਈ 80 ਕਰੋੜ ਡਾਲਰ ਦੀ ਵਾਧੂ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ ਅਤੇ ਇਸ ਨਾਲ ਅਮਰੀਕਾ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਯੂਕ੍ਰੇਨ ਨੂੰ ਇੱਕ ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਬਾਈਡੇਨ ਨੇ ਕਿਹਾ ਕਿ ਪੁਤਿਨ ਯੂਕ੍ਰੇਨ ਵਿੱਚ ਭਿਆਨਕ ਤਬਾਹੀ ਅਤੇ ਦਹਿਸ਼ਤ ਪੈਦਾ ਕਰ ਰਹੇ ਹਨ, ਇਮਾਰਤਾਂ, ਮੈਟਰਨਟੀ ਵਾਰਡਾਂ, ਹਸਪਤਾਲਾਂ 'ਤੇ ਬੰਬਾਰੀ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਆਸਟ੍ਰੇਲੀਆ-ਚੀਨ ਵਿਚਾਲੇ ਜੰਗ ਦਾ ਖ਼ਤਰਾ! ਅਮਰੀਕਾ ਨੇ ਆਸਟ੍ਰੇਲੀਆ ਭੇਜੇ ਹਜ਼ਾਰਾਂ ਫ਼ੌਜੀ ਤੇ ਮਿਜ਼ਾਈਲਾਂ
ਮੇਰਾ ਮਤਲਬ ਹੈ ਕਿ ਇਹ ਬਹੁਤ ਭਿਆਨਕ ਹੈ। ਮੈਂ ਇਸ ਬਾਰੇ ਆਪਣੇ ਪਿੱਛੇ ਖੜ੍ਹੇ ਸਾਡੇ ਕਮਾਂਡਰ ਜਨਰਲ (ਮਾਰਕ) ਮਿਲੇ ਨਾਲ ਗੱਲ ਕਰ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਇਹ ਹੈਰਾਨ ਕਰਨ ਵਾਲਾ ਹੈ। ਅਸੀਂ ਕੱਲ੍ਹ ਰਿਪੋਰਟਾਂ ਦੇਖੀਆਂ ਹਨ ਕਿ ਰੂਸੀ ਬਲਾਂ ਨੇ ਮਾਰੀਉਪੋਲ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਸੈਂਕੜੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਬੰਧਕ ਬਣਾ ਲਿਆ ਹੈ। ਉਹਨਾਂ ਨੇ ਕਿਹਾ ਕਿ ਇਹ ਵਧੀਕੀਆਂ ਹਨ। ਇਹ ਦੁਨੀਆ ਲਈ ਗੁੱਸੇ ਦਾ ਮਾਮਲਾ ਹੈ ਅਤੇ ਯੂਕ੍ਰੇਨ ਪ੍ਰਤੀ ਸਮਰਥਨ ਲਈ ਦੁਨੀਆ ਇਕਜੁੱਟ ਹੈ। ਅਮਰੀਕਾ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਇਸ ਕੋਸ਼ਿਸ਼ ਦੀ ਅਗਵਾਈ ਕਰ ਰਿਹਾ ਹੈ ਅਤੇ ਸੁਰੱਖਿਆ ਤੇ ਮਾਨਵਤਾਵਾਦੀ ਸਹਾਇਤਾ ਦੇ ਵੱਡੇ ਪੱਧਰ ਪ੍ਰਦਾਨ ਕਰ ਰਿਹਾ ਹੈ। ਅਸੀਂ ਅੱਜ ਇਸ ਸਹਾਇਤਾ ਦਾ ਵਿਸਤਾਰ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਅਜਿਹਾ ਕਰਨਾ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ ਕਿ ਅਮਰੀਕਾ, ਉਸਦੇ ਸਹਿਯੋਗੀ ਅਤੇ ਭਾਈਵਾਲ ਪਾਬੰਦੀਆਂ ਲਗਾ ਕੇ ਪੁਤਿਨ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਇਹ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾਣਗੀਆਂ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ ਨੂੰ ਦਿੱਤੇ ਗਏ ਨਵੇਂ ਸੁਰੱਖਿਆ ਪੈਕੇਜ ਵਿੱਚ 800 ਐਂਟੀ-ਏਅਰਕ੍ਰਾਫਟ ਸਿਸਟਮ, 9,000 ਹਥਿਆਰਬੰਦ ਐਂਟੀ-ਵਾਹਨ ਸਿਸਟਮ, 7,000 ਛੋਟੇ ਹਥਿਆਰ, ਮਸ਼ੀਨ ਗਨ, ਸ਼ਾਟਗਨ ਅਤੇ ਗ੍ਰਨੇਡ ਲਾਂਚਰ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            