ਬਾਈਡੇਨ ਪ੍ਰਸ਼ਾਸਨ ਵੈਨਜ਼ੁਏਲਾ ਦੇ ਲੱਖਾਂ ਪ੍ਰਵਾਸੀਆਂ ਲਈ ਕਰੇਗਾ ਅਸਥਾਈ ਕਾਨੂੰਨੀ ਦਰਜੇ ਦੀ ਪੇਸ਼ਕਸ਼
Wednesday, Mar 10, 2021 - 10:41 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਵਿੱਚ ਰਹਿ ਰਹੇ ਵੈਨਜ਼ੁਏਲਾ ਦੇ ਹਜ਼ਾਰਾਂ ਪ੍ਰਵਾਸੀਆਂ ਦੇ ਸੰਬੰਧ ਵਿੱਚ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਹੈ ਕਿ ਇਸ ਦੇਸ਼ ਵਿੱਚ ਰਾਜਨੀਤਕ ਅਤੇ ਆਰਥਿਕ ਅਸਮਾਨਤਾਵਾਂ ਹੁੰਦੇ ਹੋਏ, ਅਮਰੀਕਾ ਇਹਨਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਾਹਤ ਅਤੇ ਵਰਕ ਪਰਮਿਟ ਦੀ ਪੇਸ਼ਕਸ਼ ਕਰੇਗਾ। ਇਸ ਸੰਬੰਧ ਵਿੱਚ ਹੋਮਲੈਂਡ ਸੁੱਰਖਿਆ ਸੱਕਤਰ ਵਿਭਾਗ ਦੇ ਅਲੇਜੈਂਡਰੋ ਮੇਯੋਰਕਾਸ ਨੇ ਇੱਕ ਕਾਨੂੰਨੀ ਆਰਡਰ ਜਾਰੀ ਕੀਤਾ, ਜਿਸ ਵਿੱਚ ਕੁਝ ਵੈਨਜ਼ੂਏਲਾ ਵਾਸੀਆਂ ਨੂੰ ਅਸਥਾਈ ਪ੍ਰੋਟੈਕਟਿਡ ਸਟੇਟਸ (ਟੀ.ਪੀ.ਐਸ) ਲਈ ਯੋਗ ਬਣਾਇਆ ਗਿਆ ਹੈ।
ਇਸ ਨਾਲ ਅਮਰੀਕੀ ਸਰਕਾਰ ਉਹਨਾਂ ਪ੍ਰਵਾਸੀਆਂ ਨੂੰ ਆਰਜ਼ੀ ਮਨੁੱਖੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ, ਜਿਨ੍ਹਾਂ ਦੇ ਘਰੇਲੂ ਦੇਸ਼ ਹਥਿਆਰਬੰਦ ਟਕਰਾਅ, ਕੁਦਰਤੀ ਆਫ਼ਤਾਂ ਜਾਂ ਕਿਸੇ ਮਹਾਮਾਰੀ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਦੇ ਹਾਲਾਤ ਇਸ ਸਮੇਂ ਵੈਨਜ਼ੂਏਲਾ ਵਿੱਚ ਹਨ, ਜਿੱਥੇ ਬਾਈਡੇਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਲੋਕਾਂ ਦਾ ਵਾਪਸ ਜਾਣਾ ਸੁਰੱਖਿਅਤ ਨਹੀਂ ਹੈ। ਇਹ ਟੀ.ਪੀ.ਐਸ .ਯੋਜਨਾ ਸੋਮਵਾਰ, 8 ਮਾਰਚ ਤੱਕ ਅਮਰੀਕਾ ਵਿੱਚ ਬਿਨਾਂ ਢੁੱਕਵੇ ਕਾਗਜਾਂ ਦੇ ਰਹਿ ਰਹੇ ਵੈਨਜ਼ੂਏਲਾ ਦੇ ਪ੍ਰਵਾਸੀਆਂ 'ਤੇ ਲਾਗੂ ਹੁੰਦੀ ਹੈ। ਅਧਿਕਾਰੀਆਂ ਅਨੁਸਾਰ ਅਨੁਮਾਨਿਤ 320,000 ਵੈਨਜ਼ੂਏਲਾ ਨਿਵਾਸੀ ਇਸ ਰਾਹਤ ਲਈ ਯੋਗ ਹੋਣਗੇ ਅਤੇ ਇਸ ਲਈ ਅਰਜ਼ੀ ਦੀ ਪ੍ਰਕਿਰਿਆ ਲਈ 545 ਡਾਲਰ ਫੀਸ ਵੀ ਲਈ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਭਾਰਤ ਹੁਣ ਪਾਕਿ ਨੂੰ ਭੇਜੇਗਾ 'ਮੇਡ ਇਨ ਇੰਡੀਆ' ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ
ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੈਨਜ਼ੂਏਲਾ ਵਾਸੀਆਂ ਨੂੰ ਟੀ.ਪੀ.ਐਸ. ਦੇਣ ਦਾ ਵਾਅਦਾ ਕੀਤਾ ਸੀ। ਹਾਲ ਹੀ ਦੇ ਸਾਲਾਂ ਵਿੱਚ, ਵੈਨਜ਼ੂਏਲਾ ਵਿੱਚ ਰਾਜਨੀਤਿਕ ਅਤੇ ਆਰਥਿਕ ਸੰਕਟ ਕਾਰਨ ਲੱਖਾਂ ਵੈਨਜ਼ੂਏਲਾ ਵਾਸੀਆਂ ਨੇ ਆਪਣੇ ਦੇਸ਼ ਨੂੰ ਛੱਡਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੋਲੰਬੀਆ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਵਿਚ ਗਏ ਹਨ। ਅਮਰੀਕਾ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਅਨੁਸਾਰ, ਇਸ ਸਮੇਂ ਵਿਸ਼ਵ ਭਰ ਵਿੱਚ ਵੈਨਜ਼ੁਏਲਾ ਤੋਂ ਲੱਗਭਗ 5.4 ਮਿਲੀਅਨ ਸ਼ਰਨਾਰਥੀ ਅਤੇ ਪ੍ਰਵਾਸੀ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।