ਭਾਰਤ ਰਤਨ ਡਾ. ਭੀਮ ਰਾਓ ਵੈਲਫ਼ੇਅਰ ਐਸੋਸੀਏਸ਼ਨ ਇਟਲੀ ਵਲੋਂ ਮਿਸ਼ਨਰੀ ਕਿਤਾਬਾਂ ਦੇ ਲੱਗੇਗਾ ਲੰਗਰ

03/27/2021 2:34:08 PM

ਰੋਮ (ਕੈਂਥ)- ਭਾਰਤ ਵਿਚ ਰਾਜਨੀਤੀ ਨੂੰ ਗ਼ਰੀਬ ਤਬਕੇ ਦੇ ਘਰਾਂ ਤੱਕ ਪਹੁੰਚਾਉਣ ਵਾਲੇ ਤੇ ਗਰੀਬ ਲੋਕਾਂ ਦੇ ਹੱਕਾਂ ਲਈ ਸਮਾਜ ਨੂੰ ਲਾਮਬੰਦ ਕਰਨ ਵਾਲੇ ਬਸਪਾ ਦੇ ਬਾਨੀ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ 87 ਵਾਂ ਜਨਮਦਿਨ ਸਰਵਸਮਾਜ ਵਲੋਂ ਬੀਤੇ 15 ਮਾਰਚ ਨੂੰ ਸਮੁੱਚੇ ਵਿਸ਼ਵ ਵਿੱਚ ਬਹੁਤ ਹੀ ਸਤਿਕਾਰ ਨਾਲ ਮਨਾਇਆ ਗਿਆ। ਸਾਹਿਬ ਸ਼੍ਰੀ ਕਾਂਸ਼ੀ ਜੀ ਦੇ ਮਿਸ਼ਨ ਨੂੰ ਪ੍ਰਚੰਡ ਕਰਨ ਹਿੱਤ ਹੀ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਉਨ੍ਹਾਂ ਦੀ ਜਨਮ ਸਥਾਨ ਖੁਆਸਪੁਰੇ ਵਿਚ ਮਿਤੀ 2 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਪ੍ਰਤੀ ਇਟਲੀ ਦੀ ਸਿਰਮੌਰ ਮਿਸ਼ਨਰੀ ਸੰਸਥਾ ਭਾਰਤ ਰਤਨ ਡਾ. ਭੀਮ ਰਾਓ ਵੈਲਫ਼ੇਅਰ ਐਸੋਸੀਏਸ਼ਨ ਇਟਲੀ ਨੇ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇਕੱਠ ਲੋਕਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਜਾਗ੍ਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਬਹੁਤ ਸਮੇਂ ਤੋਂ ਲੋਕਾਂ ਵਿਚ ਗ਼ਰੀਬੀ, ਬੇਰੋਜ਼ਗਾਰੀ ਅਤੇ ਅਨਿਆਂ ਵੱਧ ਰਿਹਾ ਹੈ। 

ਸਮਾਜ ਦੀਆਂ ਦੁੱਖਾਂ ਤਕਲੀਫ਼ਾਂ ਦਾ ਹੱਲ ਭਾਈਚਾਰਕ ਸਾਂਝ ਅਤੇ ਗ਼ਰੀਬ ਤਬਕਿਆਂ ਦੇ ਹੱਥ ਸੱਤਾ ਦੀ ਵਾਗਡੋਰ ਆਉਣ ਨਾਲ ਹੀ ਹੋਵੇਗਾ। ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ "ਇਨ ਗਰੀਬ ਸਿੱਖਣ ਕੋ ਦੈ ਪਾਤਸ਼ਾਹੀ" ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ "ਬੇਗ਼ਮਪੁਰਾ ਸਹਰੁ ਕੋ ਨਾਉ" ਨੂੰ ਅਧਾਰ ਮੰਨ ਕੇ ਇਸ ਰੈਲੀ ਦਾ ਸੰਕਲਪ ਵੀ "ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ" ਹੈ। ਇਹ ਰੈਲੀ ਬਸਪਾ ਦੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਨੂੰ ਹੀ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਹੈ। ਸੰਸਥਾ ਵਲੋਂ ਸਭ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਸਭ ਇਸ ਰੈਲੀ ਦਾ ਹਿੱਸਾ ਜ਼ਰੂਰ ਬਣੋ ਅਤੇ ਆਪਣੇ ਆਗੂਆਂ ਦੇ ਅਗਾਂਹਵਧੂ ਵਿਚਾਰਾਂ ਤੋਂ ਜਾਣੂ ਹੋਵੋ । ਇਸ ''ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ'' ਮੌਕੇ ਭਾਰਤ ਰਤਨ ਡਾ. ਭੀਮ ਰਾਓ ਵੈਲਫ਼ੇਅਰ ਐਸੋਸੀਏਸ਼ਨ (ਰਜਿ:) ਇਟਲੀ ਵਲੋਂ ਮਿਸ਼ਨਰੀ ਕਿਤਾਬਾਂ ਦੇ ਲੰਗਰ ਲਗਾਇਆ ਜਾਵੇਗਾ।


DIsha

Content Editor

Related News