ਭਾਰਤੀ ਨੌਜਵਾਨ ਭਗਤ ਸਿੰਘ ਦਾ ਬੇਰਹਿਮੀ ਨਾਲ ਕਤਲ! ਸਾਥੀ ਨੌਜਵਾਨ ਗ੍ਰਿਫਤਾਰ

Monday, Dec 01, 2025 - 07:56 PM (IST)

ਭਾਰਤੀ ਨੌਜਵਾਨ ਭਗਤ ਸਿੰਘ ਦਾ ਬੇਰਹਿਮੀ ਨਾਲ ਕਤਲ! ਸਾਥੀ ਨੌਜਵਾਨ ਗ੍ਰਿਫਤਾਰ

ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਦੇ ਭਾਰਤੀ ਭਾਈਚਾਰੇ ਲਈ ਇੱਕ ਬੇਹੱਦ ਮੰਦਭਾਗੀ ਤੇ ਦੁਖਦਾਈ ਘਟਨਾ ਵਾਪਰਨ ਨਾਲ ਸਮੁੱਚੇ ਭਾਈਚਾਰੇ ਵਿੱਚ ਮਾਤਮ ਛਾਇਆ ਹੋਇਆ ਹੈ, ਜਿਸ 'ਚ ਬੀਤੇ ਦਿਨ ਭਾਰਤੀ ਨੌਜਵਾਨ ਭਗਤ ਸਿੰਘ (37) ਦਾ ਬੇਰਹਿਮੀ ਨਾਲ ਕਤਲ ਹੋ ਗਿਆ ਹੈ ਪਰ ਕਤਲ ਕਿਸ ਨੇ ਅਤੇ ਕਿਉਂ ਕੀਤਾ ਇਸ ਦੀ ਇਟਲੀ ਪੁਲਸ ਬਹੁਤ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ, ਜਿਸ ਦੇ ਚੱਲਦਿਆਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਸ਼ਤੀਸ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਭਗਤ ਸਿੰਘ, ਜੋ ਕਿ ਹਰਿਆਣਾ ਸੂਬੇ ਨਾਲ ਸਬੰਧਿਤ ਸੀ, ਦੇ ਰਿਸ਼ਤੇਦਾਰ ਨੇ ਪ੍ਰੈੱਸ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਜਾਣਕਾਰੀ ਦਿੱਤੀ ਕਿ ਭਗਤ ਸਿੰਘ ਦਾ ਬੀਤੇ ਦਿਨ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਗਿਆ ਹੈ ਜਿਹੜਾ ਕਿ ਲਾਤੀਨਾ ਜ਼ਿਲ੍ਹੇ ਦੇ ਪੁਨਤੀਨੀਆ ਸ਼ਹਿਰ ਰਹਿੰਦਾ ਸੀ। ਕਤਲ ਕਿਸ ਨੇ ਅਤੇ ਕਿਉਂ ਕੀਤਾ ਇਸ ਦੀ ਪੁਲਸ ਛਾਣਬੀਣ ਕਰ ਰਹੀ ਹੈ ਤੇ ਮ੍ਰਿਤਕ ਦੇ ਨਾਲ ਰਹਿੰਦੇ ਭਾਰਤੀ ਨੌਜਵਾਨ ਸ਼ਤੀਸ ਕੁਮਾਰ(38) ਨੂੰ ਸ਼ੱਕ ਦੇ ਆਧਾਰ ਉੱਪਰ ਪੁਲਸ ਨੇ ਹਿਰਾਸਤ ਵਿੱਚ ਲਿਆ ਹੈ। ਮਰਹੂਮ 3 ਸਾਲ ਪਹਿਲਾਂ ਚੰਗੇ ਭਵਿੱਖ ਲਈ ਇਟਲੀ ਆਇਆ ਸੀ ਤੇ ਫਿਰ ਪੁਰਤਗਾਲ ਤੋਂ ਪੇਪਰ ਬਣਾ ਕੁਝ ਮਹੀਨੇ ਪਹਿਲਾਂ ਹੀ ਵਾਪਸ ਇਟਲੀ ਕੰਮ ਕਰਨ ਆਇਆ। ਇਸ ਘਟਨਾ ਨਾਲ ਵਿਦੇਸ਼ੀਆਂ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜਦੋਂਕਿ ਮਰਹੂਮ ਆਪਣੇ ਪਿੱਛੇ ਦੋ ਨੰਨ੍ਹੇ ਬੱਚੇ ਤੇ ਵਿਧਵਾ ਪਤਨੀ ਛੱਡ ਗਿਆ ਹੈ।


author

Baljit Singh

Content Editor

Related News