ਆਸਟ੍ਰੀਆ ''ਚ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ, ਹੁੰਮ-ਹੁੰਮਾਂ ਕੇ ਪਹੁੰਚੀਆਂ ਸੰਗਤਾਂ
Monday, Nov 24, 2025 - 03:59 PM (IST)
ਰੋਮ (ਦਲਬੀਰ ਕੈਂਥ)- ਸ੍ਰੀ ਗੁਰੂ ਰਵਿਦਾਸ ਸਭਾ ਵਿਆਨਾ, ਸ਼ਹੀਦੀ ਅਸਥਾਨ ਸੰਤ ਰਾਮਾਨੰਦ ਮਹਾਰਾਜ ਜੀ ਵਿਖੇ ਸ਼੍ਰਿਸਟੀਕਰਤਾ, ਦੂਰਦਰਸ਼ੀ, ਮਹਾਨ ਧਾਰਮਿਕ ਗ੍ਰੰਥ "ਸ਼੍ਰੀ ਰਮਾਇਣ" ਰਚੇਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ।
ਇਸ ਪ੍ਰਗਟ ਦਿਵਸ ਵਿੱਚ ਜਿੱਥੇ ਭਗਵਾਨ ਵਾਲਮੀਕਿ ਸਭਾ ਵਿਆਨਾ ਵਿਸ਼ੇਸ਼ ਤੌਰ 'ਤੇ ਪਹੁੰਚੀ, ਉੱਥੇ ਹੀ ਪੰਜਾਬ ਤੋਂ ਮਹਾਨ ਤਪੱਸਵੀ ਬਾਲਜੋਗੀ ਸੰਤ ਬਾਬਾ ਪਰਗਟ ਨਾਥ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਜੀਵਨ ਬਿਰਤਾਂਤ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਇਆ।

ਬਾਲਯੋਗੀ ਬਾਬਾ ਪਰਗਟ ਨਾਥ, ਜਿਹੜੇ ਕਿ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਪਹੁੰਚਾਉਣ ਦੀ ਸੇਵਾ ਨਿਭਾਅ ਰਹੇ ਹਨ, ਅੱਜ-ਕਲ੍ਹ ਆਪਣੇ ਵਿਸ਼ੇਸ ਯੂਰਪ ਫੇਰੀ 'ਤੇ ਹਨ ਤੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਨੂੰ ਆਪਸੀ ਭਾਈਚਾਰਕ ਸਾਂਝ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਪ੍ਰਭੂ ਉਸਤਤਿ ਕਰਨ ਲਈ ਦਾ ਹੋਕਾ ਦਿੰਦੇ ਹਨ।
ਇਸ ਪ੍ਰਗਟ ਦਿਵਸ ਸਮਾਗਮ ਮੌਕੇ ਭਾਈ ਮਨਦੀਪ ਦਾਸ ਹੈੱਡ ਗ੍ਰੰਥੀ ਤੇ ਕੀਰਤਨੀ ਜੱਥਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਵਿਆਨਾ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਸਰਵਣ ਕਰਵਾਇਆ। ਇਸ ਮੌਕੇ ਭਗਵਾਨ ਵਾਲਮੀਕਿ ਸਭਾ ਵਿਆਨਾ ਦੇ ਸੇਵਾਦਾਰਾਂ ਨੇ ਪ੍ਰਗਟ ਦਿਵਸ ਸਮਾਗਮ ਵਿੱਚ ਵਧ-ਚੜ੍ਹ ਕੇ ਸੇਵਾ ਕੀਤੀ।
