ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਗੁਰੂ ਦੇ ਰੰਗ ''ਚ ਰੰਗੀਆਂ ਸੰਗਤਾਂ
Tuesday, Dec 02, 2025 - 12:01 PM (IST)
ਮਿਲਾਨ ਇਟਲੀ (ਸਾਬੀ ਚੀਨੀਆ)- ਨੌਵੀਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਦੇਸ਼ ਵਿਦੇਸ਼ 'ਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿਨਾਂ 'ਚ ਸਜਾਏ ਹੋਏ ਧਾਰਮਿਕ ਦੀਵਾਨਾਂ 'ਚ ਜਿੱਥੇ ਛੋਟੇ-ਛੋਟੇ ਬੱਚਿਆਂ ਵੱਲੋਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਥਾ ਕੀਰਤਨ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ।

ਉੱਥੇ ਕੀਰਤਨੀ ਜੱਥਾ ਭਾਈ ਬਿਕਰਮਜੀਤ ਸਿੰਘ ਜੀ ਜੰਮੂ ਵਾਲੇ ਅਤੇ ਪ੍ਰਸਿੱਧ ਢਾਡੀ ਭਾਈ ਸੁਖਬੀਰ ਸਿੰਘ ਜੀ ਭੌਰ ਦੇ ਜਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸਮਰਪਿਤ ਵਾਰਾਂ ਸ਼ਰਵਣ ਕਰਵਾਈਆਂ ਗਈਆਂ। ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਗਿਆਨੀ ਦਲਬੀਰ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਹੋਇਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਗੁਰੂ ਘਰ ਨੂੰ ਸਮਰਪਿਤ ਸਿੱਖ ਆਖਦਿਆਂ ਸੰਬੋਧਨ ਕੀਤਾ ਅਤੇ ਆਈਆਂ ਸੰਗਤਾਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ।

ਦੱਸਣਯੋਗ ਹੈ ਕਿ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨਿਓ ਦੀ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸ਼ਤਾਬਦੀ ਸਮਾਗਮਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਬੜੀ ਹੀ ਸ਼ਰਧਾ ਦੇ ਨਾਲ ਪੰਡਾਲ ਸਜਾਏ ਗਏ ਸਨ ਜਿਨਾਂ 'ਚ ਬੀਤੀ ਰਾਤ ਵੀ ਦੇਰ ਤੱਕ ਆਏ ਜੱਥਿਆ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅੱਜ ਸਮਾਪਤੀ ਸਮਾਗਮਾਂ ਮੌਕੇ ਵੀ ਦੇਰ ਤੱਕ ਸੰਗਤਾਂ ਪੰਡਾਲ 'ਚ ਜੁੜ ਬੈਠ ਕੇ ਕੀਰਤਨ ਸਰਵਣ ਕਰਦੀਆਂ ਰਹੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਲਾਸੀਓ ਸਟੇਟ ਦੇ ਵੱਖ ਵੱਖ ਗੁਰੂ ਘਰਾਂ ਤੋਂ ਆਈਆਂ ਹੋਈਆਂ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਵੱਲੋਂ ਸੇਵਾਵਾਂ ਨਿਭਾਉਂਦਿਆਂ ਹੋਇਆ ਜਿੱਥੇ ਪੰਡਾਲ ਸਜਾਉਣ ਲਈ ਸੇਵਾ ਕੀਤੀ। ਉੱਥੇ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਆਪਣਾ ਜੀਵਨ ਸਫਲਾ ਬਣਾਇਆ ਗਿਆ।

