ਪਾਕਿਸਤਾਨ : ਲਾਹੌਰ ਹਾਈ ਕੋਰਟ ਦੇ ਵਕੀਲਾਂ ਨੇ ਭਗਤ ਸਿੰਘ ਨੂੰ ਕੀਤਾ ਯਾਦ, ਸਰਕਾਰ ਅੱਗੇ ਰੱਖੀਆਂ ਮੰਗਾਂ
Sunday, Sep 30, 2018 - 03:04 PM (IST)

ਲਾਹੌਰ (ਏਜੰਸੀ)— ਸ਼ੁੱਕਰਵਾਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 111ਵਾਂ ਜਨਮ ਦਿਹਾੜਾ ਭਾਰਤ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਮਨਾਇਆ ਗਿਆ। ਪਾਕਿਸਤਾਨ ਦੇ ਲਾਹੌਰ ਹਾਈ ਕੋਰਟ 'ਚ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਹਾਈ ਕੋਰਟ ਦੇ ਡੈਮੋਕ੍ਰੇਟਿਕ ਹਾਲ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਭਾਰਤ ਦੀ ਆਜ਼ਾਦੀ ਦੇ ਦੋਵਾਂ ਦੇਸ਼ਾਂ ਦੇ ਸਾਂਝੇ ਪ੍ਰਭਾਵਸ਼ਾਲੀ ਨਾਇਕ ਭਗਤ ਸਿੰਘ ਨੂੰ ਹਾਈ ਕੋਰਟ ਦੇ ਵਕੀਲਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਵਿਚ ਦੋ ਪ੍ਰਸਤਾਵ ਵੀ ਪਾਸ ਕੀਤੇ ਗਏ। ਪਹਿਲੇ ਪ੍ਰਸਤਾਵ ਵਿਚ ਭਗਤ ਸਿੰਘ ਨੂੰ ਫਾਂਸੀ ਦੇਣ ਲਈ ਬ੍ਰਿਟਿਸ਼ ਮਹਾਰਾਣੀ ਭਾਰਤੀ ਉੱਪ ਮਹਾਦੀਪ ਦੇ ਲੋਕਾਂ ਤੋਂ ਭਗਤ ਸਿੰਘ ਨੂੰ ਫਾਂਸੀ ਦੇਣ ਬਦਲੇ ਮੁਆਫ਼ੀ ਮੰਗੇ। ਦੂਜੀ ਮੰਗ ਵਿਚ ਭਗਤ ਸਿੰਘ ਦੀ ਯਾਦ ਵਿਚ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਾ ਸ਼ਾਮਲ ਹਨ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਕੂਲਾਂ ਦੇ ਪਾਠਕ੍ਰਮ ਵਿਚ ਭਗਤ ਸਿੰਘ ਦੀ ਕਹਾਣੀ ਸ਼ਾਮਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਗਤ ਸਿੰਘ ਦੀ ਕੁਰਬਾਨੀ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦੇਵੇ। ਜ਼ਿਕਰਯੋਗ ਹੈ ਕਿ ਭਗਤ ਸਿੰਘ ਨੂੰ 23 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਅੰਗਰੇਜ਼ ਹਕੂਮਤ ਨੇ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਸੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ।