ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਆਪਣੀ ਜਾਨ ਦੇ ਕੇ ਬਚਾਈਆਂ ਕਈ ਜਾਨਾਂ

02/16/2018 2:00:53 PM

ਫਲੋਰਿਡਾ — ਅਮਰੀਕਾ ਦੇ ਸੂਬੇ ਫਲੋਰਿਡਾ ਦੇ ਇਕ ਸਕੂਲ 'ਚ ਗੋਲੀਬਾਰੀ ਹੋਣ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਸਕੂਲ ਦਾ ਅਸੀਸਟੈਂਟ ਕੋਚ ਆਰੋਨ ਫੇਸ਼ ਵੀ ਸੀ। ਆਰੋਨ ਸਕੂਲ 'ਚ ਅਸਿਸਟੈਂਟ ਫੁੱਟਬਾਲ ਕੋਚ ਦੇ ਨਾਲ-ਨਾਲ ਸਕਿਓਰਿਟੀ ਗਾਰਡ ਦਾ ਵੀ ਕੰਮ ਕਰਦਾ ਸੀ। ਸਕੂਲ ਦੇ ਬੱਚਿਆਂ ਨੂੰ ਬਚਾਉਣ ਲਈ ਆਰੋਨ ਖੁਦ ਗੋਲੀਬਾਰੀ ਕਰਨ ਵਾਲੇ  ਨਿਕੋਲਸ ਕਰੂਜ਼ ਦੇ ਸਾਹਮਣੇ ਆ ਗਿਆ ਤਾਂ ਕਿ ਪਿੱਛੇ ਮੌਜੂਦ ਬੱਚਿਆਂ ਨੂੰ ਬਚਾਇਆ ਜਾ ਸਕੇ। ਗੋਲੀ ਲੱਗਣ ਕਾਰਨ ਬਾਅਦ 'ਚ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ।
ਆਰੋਨ ਦੇ ਕਾਰਨ ਕਈ ਜਾਨਾਂ ਬਚ ਗਈਆਂ। ਉਨ੍ਹਾਂ ਦੇ ਨਾਲ ਅਥਲੈਟਿਕਸ ਕੋਚ ਕਰਿਸ ਹਿਕਸਨ ਅਤੇ ਵਿਦਿਆਰਥੀ ਜੈਮੀ ਗੁਟਨਬਰਗ ਉਨ ਪਹਿਲੇ ਤਿੰੰਨ ਲੋਕਾਂ 'ਚੋਂ ਸਨ, ਜਿਨ੍ਹਾਂ ਦੀ ਪਛਾਣ ਮ੍ਰਿਤਕਾਂ 'ਚ ਹੋਈ। 
ਇਸ ਖੌਫਨਾਕ ਮੰਜ਼ਰ ਨੂੰ ਅੱਖੀਂ ਦੇਖਣ ਵਾਲੇ ਇਕ ਵਿਅਕਤੀ ਨੇ ਦੱਸਿਆ,''ਆਰੋਨ ਸਕੂਲ 'ਚ ਮੌਜੂਦ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਚਾਉਣ ਲਈ ਕਿਸੇ ਫਰਿਸ਼ਤੇ ਵਾਂਗ ਆ ਗਿਆ। ਉਹ ਗੋਲੀਆਂ ਅਤੇ ਵਿਦਿਆਰਥੀਆਂ ਦੇ ਵਿਚਕਾਰ ਇਕ ਕੰਧ ਵਾਂਗ ਖੜ੍ਹਾ ਹੋ ਗਿਆ ਅਤੇ ਉਸ ਨੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ।''
ਡਗਲਸ ਫੁੱਟਬਾਲ ਟੀਮ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ,''ਅਸੀਂ ਬਹੁਤ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਆਰੋਨ ਫੇਸ਼ ਹੁਣ ਸਾਡੇ ਵਿਚ ਨਹੀਂ ਹਨ। ਉਹ ਸਾਡੇ ਅਸਿਸਟੈਂਟ ਫੁੱਟਬਾਲ ਕੋਚ ਅਤੇ ਸੁਰੱਖਿਆ ਗਾਰਡ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਗੋਲੀਬਾਰੀ ਤੋਂ ਵਿਦਿਆਰਥੀਆਂ ਨੂੰ ਬਚਾਇਆ ਅਤੇ ਆਪਣੀ ਜਾਨ ਗੁਆ ਦਿੱਤੀ। ਇਕ ਹੀਰੋ ਦੀ ਤਰ੍ਹਾਂ ਉਨ੍ਹਾਂ ਨੇ ਸਾਡੀ ਰੱਖਿਆ ਕੀਤੀ। ਉਹ ਸਾਡੀਆਂ ਯਾਦਾਂ 'ਚ ਹਮੇਸ਼ਾ ਜਿਊਂਦੇ ਰਹਿਣਗੇ।''


Related News