SCO ਦੀ ਬੈਠਕ ਤੋਂ ਪਹਿਲਾਂ ਐੱਸ. ਜੈਸ਼ੰਕਰ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ ਮਿਲੇ
Tuesday, Jul 13, 2021 - 11:36 PM (IST)
ਇੰਟਰਨੈਸ਼ਨਲ ਡੈਸਕ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਦੁਸ਼ਾਂਬੇ ’ਚ ਤਾਜਿਕਸਤਾਨ ਦੀ ਰਾਜਧਾਨੀ ’ਚ ਆਪਣੇ ਅਫਗਾਨਿਸਤਾਨ ਦੇ ਹਮਰੁਤਬਾ ਮੁਹੰਮਦ ਹਨੀਫ਼ ਆਤਮ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ ’ਚ ਹਾਲ ਹੀ ਦੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰੇ ਕੀਤੇ। ਜੈਸ਼ੰਕਰ ਸ਼ੰਘਾਈ ਸਹਿਕਾਰਤਾ ਸੰਗਠਨ (ਐੱਸ.ਸੀ.ਓ.) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਅਤੇ ਅਫਗਾਨਿਸਤਾਨ ਬਾਰੇ ਐੱਸ.ਸੀ.ਓ. ਲਾਈਸਨ ਗਰੁੱਪ ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਲਈ ਦੋ ਦਿਨਾ ਦੌਰੇ ’ਤੇ ਮੰਗਲਵਾਰ ਨੂੰ ਦੁਸ਼ਾਂਬੇ ਪਹੁੰਚੇ।
ਜੈਸ਼ੰਕਰ ਨੇ ਟਵੀਟ ਕੀਤਾ, “ਮੇਰੀ ਦੁਸ਼ਾਂਬੇ ਦੀ ਯਾਤਰਾ ਦੀ ਸ਼ੁਰੂਆਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਹਨੀਫ ਆਤਮ ਨਾਲ ਮੁਲਾਕਾਤ ਨਾਲ ਹੋਈ। ਹਾਲੀਆ ਘਟਨਾਵਾਂ ਬਾਰੇ ਉਨ੍ਹਾਂ ਦੀ ਅਪਡੇਟ ਕੀਤੀ ਜਾਣਕਾਰੀ ਦੀ ਸ਼ਲਾਘਾ ਕੀਤੀ। ਅਫਗਾਨਿਸਤਾਨ ਬਾਰੇ ਐੱਸ.ਸੀ.ਓ. ਸੰਪਰਕ ਸਮੂਹ ਦੀ ਕੱਲ ਦੀ ਬੈਠਕ ਨੂੰ ਲੈ ਕੇ ਉਤਸ਼ਾਹਿਤ ਹਾਂ।” ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਤਾਲਿਬਾਨ ਲੜਾਕੂ ਤੇਜ਼ੀ ਨਾਲ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ, ਜਿਸ ਨੇ ਵਿਸ਼ਵਵਿਆਪੀ ਤੌਰ ’ਤੇ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਫਗਾਨ ਫੌਜਾਂ ਅਤੇ ਤਾਲਿਬਾਨ ਲੜਾਕਿਆਂ ਵਿਚਾਲੇ ਹੋਈ ਭਿਆਨਕ ਲੜਾਈ ਦੇ ਮੱਦੇਨਜ਼ਰ ਭਾਰਤ ਨੇ ਕੰਧਾਰ ਸਥਿਤ ਆਪਣੇ ਕੌਂਸਲੇਟ ਤੋਂ ਤਕਰੀਬਨ 50 ਡਿਪਲੋਮੈਟਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇਕ ਫੌਜੀ ਜਹਾਜ਼ ਜ਼ਰੀਏ ਕੱਢਿਆ ਹੈ।