ਬੈੱਡਫੋਰਡ: ਤੀਆਂ ਦੇ ਮੇਲੇ ''ਚ ਪੰਜਾਬਣਾਂ ਨੇ ਗਿੱਧੇ ਤੇ ਬੋਲੀਆਂ ਨਾਲ ਬੰਨ੍ਹਿਆਂ ਸਮਾਂ
Tuesday, Sep 09, 2025 - 04:47 PM (IST)

ਬੈੱਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਗਏ, ਆਪਣਾ ਧਰਮ, ਵਿਰਸਾ, ਸੱਭਿਆਚਾਰ ਨਾਲ ਲੈ ਕੇ ਗਏ ਹਨ। ਹਰ ਰੋਜ਼ ਕੋਈ ਨਾ ਕੋਈ ਸਮਾਗਮ ਵਿਦੇਸ਼ਾਂ ਦੀ ਧਰਤੀ 'ਤੇ ਹੁੰਦਾ ਰਹਿੰਦਾ ਹੈ। ਤੀਆਂ ਦੇ ਦਿਨਾਂ ਵਿੱਚ ਲਗਭਗ ਹਰ ਸ਼ਹਿਰ ਵਿੱਚ ਤੀਆਂ ਦਾ ਮੇਲਾ ਹੁੰਦਾ ਹੈ। ਬੈੱਡਫੋਰਡ ਵਿਖੇ ਵੀ ਉਥੋਂ ਦੀਆਂ ਉੱਦਮੀ ਪੰਜਾਬਣਾਂ ਵੱਲੋਂ ਇੱਕ ਵਿਸ਼ਾਲ ਤੀਆਂ ਦਾ ਮੇਲਾ ਕਰਵਾਇਆ ਗਿਆ। ਬੈੱਡਫੋਰਡ ਦੇ ਐਡੀਸਨ ਸੈਂਟਰ ਵਿਖੇ ਹੋਏ ਤੀਆਂ ਦੇ ਇਸ ਵਿਸ਼ਾਲ ਮੇਲੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਪੰਜਾਬਣਾਂ ਨੇ ਸ਼ਿਰਕਤ ਕੀਤੀ।
ਮੰਚ ਸੰਚਾਲਨ ਕਰਦਿਆਂ ਦਸ਼ਵਿੰਦਰ ਕੌਰ ਤੇ ਕੁੰਵਰਜੀਤ ਕੌਰ ਪੰਨੂੰ ਨੇ ਮੇਲੇ ਦੀ ਸ਼ੁਰੂਆਤ ਪੰਜਾਬ ਵਿੱਚ ਆਏ ਹੜ੍ਹਾਂ ਪ੍ਰਤੀ ਦੁੱਖ ਜ਼ਾਹਰ ਕਰਦਿਆਂ ਕੀਤੀ। ਉਹਨਾਂ ਸਮੂਹ ਪੰਜਾਬਣਾਂ ਦੇ ਸਹਿਯੋਗ ਨਾਲ ਹੜ੍ਹਾਂ ਵਿੱਚ ਜਾਨਾਂ ਗੁਆ ਚੁੱਕੇ ਪੰਜਾਬੀਆਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਧਾਰਨ ਕੀਤਾ। ਇਸ ਉਪਰੰਤ ਬੈੱਡਫੋਰਡ ਦੀ ਗਿੱਧਾ ਟੀਮ ਵੱਲੋਂ ਨਾਨਕਿਆਂ-ਦਾਦਕਿਆਂ ਦੀ ਨੋਕ-ਝੋਕ ਅਤੇ ਗੀਤਾਂ ਦੇ ਬੋਲਾਂ ਉੱਪਰ ਗਿੱਧੇ ਦੀ ਪੇਸ਼ਕਾਰੀ ਕਰਕੇ ਕਮਾਲ ਕਰ ਦਿਖਾਈ। ਤੀਆਂ ਦੇ ਮੇਲੇ ਦੇ ਪ੍ਰਬੰਧਕ ਇਸ ਗੱਲੋਂ ਬੇਹੱਦ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਵੱਲੋਂ ਮੇਲੇ ਦਾ ਖਰਚਾ ਕੱਢ ਕੇ ਬਚੀ ਰਾਸ਼ੀ ਸਥਾਨਕ ਚੈਰਿਟੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਨੂੰ ਵੀ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੇਲੇ ਨੂੰ ਸਫਲ ਬਣਾਉਣ ਲਈ ਬਲਬੀਰ ਅਟਵਾਲ, ਕਮਲਜੀਤ ਅਟਵਾਲ, ਸੁੱਖੀ ਬੰਗੜ, ਰਾਣੀ ਬਸਰਾ, ਅਰਵਿੰਦਰ ਢਿੱਲੋਂ, ਜਸ ਗਿੱਲ, ਬਲਵਿੰਦਰ ਕੌਰ, ਜਸਵਿੰਦਰ ਕੌਰ, ਜੋਤੀ ਕੌਰ, ਰਾਜਿੰਦਰ ਕੌਰ, ਸੋਨੀਆ ਕੌਰ, ਸ਼ਾਲੂ ਖਿੰਡਾ, ਇੰਦਰਜੀਤ ਖਿੰਡਰ, ਵੈਂਡੀ ਮਾਨ, ਕੰਵਲਜੀਤ ਮੋਮੀ, ਕੁੰਵਰਜੀਤ ਪੰਨੂੰ, ਦਸ਼ਵਿੰਦਰ ਸੈਂਹਭੀ, ਦਲਬੀਰ ਸਿੱਧੂ, ਬਲਜੀਤ ਕੌਰ, ਤਾਨੀਆ ਸਿੰਘ, ਬਲਜਿੰਦਰ ਕੌਰ, ਰਵਿੰਦਰ ਸੈਮੂਅਲਜ, ਕੁਲਵਿੰਦਰ ਕੌਰ, ਜਸ਼ਨ ਕੌਰ ਦਾ ਯੋਗਦਾਨ ਅਹਿਮ ਰਿਹਾ। ਪ੍ਰਬੰਧਕਾਂ ਵੱਲੋਂ ਦੂਰੋਂ-ਨੇੜਿਓਂ ਆਏ ਹਰ ਸਖਸ਼ ਦਾ ਧੰਨਵਾਦ ਕੀਤਾ ਗਿਆ।