ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਨੇ ਹੜ੍ਹ ਨਾਲ ਨਜਿੱਠਣ ਲਈ ਕਿਸ਼ਤੀ ਲਈ ਦਾਨ ਕੀਤੀ ਰਾਸ਼ੀ
Thursday, Sep 04, 2025 - 05:31 PM (IST)

ਲੰਡਨ/ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) - ਇੰਗਲੈਂਡ ਦੇ ਸ਼ਹਿਰ ਗ੍ਰੇਵਜੈਂਡ ਸਥਿਤ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਰਹੇ ਹਨ। ਅੱਜ ਕੱਲ੍ਹ ਪੰਜਾਬ ਦੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨੂੰ ਵੇਖਦਿਆਂ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸਮੂਹ ਮੈਂਬਰਾਂ ਨੇ ਆਪੋ ਆਪਣੇ ਪੱਧਰ 'ਤੇ ਦਸਵੰਧ ਇਕੱਠਾ ਕਰਕੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਨੂੰ ਇੱਕ ਕਿਸ਼ਤੀ ਖਰੀਦਣ ਦੇ ਲਈ ਸਹਾਇਤਾ ਰਾਸ਼ੀ ਭੇਂਟ ਕੀਤੀ ਹੈ।
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਦੇ ਮੁੱਖ ਸੇਵਾਦਾਰ ਸਰਦਾਰ ਪਰਮਿੰਦਰ ਸਿੰਘ ਮੰਡ, ਸਰਦਾਰ ਗੁਰਤੇਜ ਸਿੰਘ ਪੰਨੂ ਤੇ ਸਾਥੀਆਂ ਦੀ ਅਗਵਾਈ ਦੇ ਵਿੱਚ ਫੰਡ ਰਾਸ਼ੀ ਇਕੱਤਰ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਅਹੁਦੇਦਾਰਾਂ ਨੂੰ 1 ਲੱਖ 42 ਹਜ਼ਾਰ ਰੁਪਏ ਰਾਸ਼ੀ ਸਪੁਰਦ ਕੀਤੀ ਗਈ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਦੇ ਸੇਵਾਦਾਰਾਂ ਵੱਲੋਂ ਹੰਗਾਮੀ ਮੀਟਿੰਗ ਦੌਰਾਨ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਕ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਮੰਡ ਤੇ ਗੁਰਤੇਜ ਸਿੰਘ ਪੰਨੂੰ ਨੇ ਕਿਹਾ ਕਿ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਲਈ ਤਤਪਰ ਰਹਿੰਦੀ ਹੈ। ਹੜ੍ਹ ਵਿੱਚ ਫਸੇ ਲੋਕਾਂ ਤੱਕ ਰਸਦਾਂ, ਪਸ਼ੂਆਂ ਲਈ ਚਾਰਾ ਆਦਿ ਪਹੁੰਚਾਉਣ ਲਈ ਆ ਰਹੀ ਦਿੱਕਤ ਨੂੰ ਦੇਖਦਿਆਂ ਹੀ ਸੰਸਥਾ ਵੱਲੋਂ ਉਕਤ ਰਾਸ਼ੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਪੱਟੀ ਨੂੰ ਭੇਂਟ ਕੀਤੀ ਗਈ ਹੈ। ਉਹਨਾਂ ਇਸ ਸਹਿਯੋਗ ਲਈ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ।