ਗਲਾਸਗੋ: ਐਸੋਸੀਏਸ਼ਨ ਆਫ ਇੰਡੀਅਨ ਆਰਗਨਾਈਜੇਸ਼ਨਜ਼ (AIO) ਨੇ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ
Thursday, Aug 28, 2025 - 07:49 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਭਾਰਤ ਦਾ ਸਾਲਾਨਾ ਆਜ਼ਾਦੀ ਸਮਾਰੋਹ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਐਸੋਸੀਏਸ਼ਨ ਆਫ ਇੰਡੀਅਨ ਆਰਗਨਾਈਜੇਸ਼ਨਜ਼ (AIO) ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਵੁੱਡਸਾਈਡ ਹਾਲ ਵਿਖੇ ਹੋਏ ਇਸ ਸਮਾਗਮ ਦੀ ਸ਼ੁਰੂਆਤ 'ਪੰਜ ਦਰਿਆ' ਅਖਬਾਰ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਮਰਹੂਮ ਕੌਂਸਲਰ, ਐੱਮ ਬੀ ਈ ਤੇ ਜੇ ਪੀ ਬਲਵੰਤ ਚੱਢਾ ਪ੍ਰਤੀ ਸ਼ਰਧਾਜਲੀ ਭਰੇ ਬੋਲਾਂ ਨਾਲ ਕੀਤੀ ਗਈ। ਉਹਨਾਂ ਹਾਜ਼ਰੀਨ ਨੂੰ ਖੜ੍ਹੇ ਹੋ ਕੇ ਇੱਕ ਮਿੰਟ ਮੌਨ ਧਾਰਨ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਏਆਈਓ ਦੀ ਖਜ਼ਾਨਚੀ ਸ਼ੀਲਾ ਮੁਖਰਜੀ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਹਰ ਸ਼ਖਸ ਦਾ ਬਹੁਤ ਖੂਬਸੂਰਤ ਸ਼ਬਦਾਂ ਨਾਲ ਸਵਾਗਤ ਕੀਤਾ। ਸਮਾਗਮ ਦੇ ਮੰਚ ਸੰਚਾਲਕ ਆਕਰਸ਼ ਤਿਆਗੀ ਨੇ ਇਸ ਸਮਾਗਮ ਦੇ ਆਯੋਜਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਟਰੰਪ ਨੂੰ ਕਰਾਰਾ ਜਵਾਬ! ਅਮਰੀਕਾ ਛੱਡ 40 ਨਵੇਂ ਦੇਸ਼ਾਂ 'ਚ ਕੱਪੜੇ ਵੇਚਣ ਦੀ ਤਿਆਰੀ 'ਚ ਭਾਰਤ
ਏਆਈਓ ਦੇ ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਰੰਧਾਵਾ ਵੱਲੋਂ ਰਾਸ਼ਟਰੀ ਗਾਨ ਗਾਉਣ ਲਈ ਮੰਚ ‘ਤੇ ਦਸਤਕ ਦਿੱਤੀ ਤਾਂ ਹਾਜ਼ਰੀਨ ਨੇ ਖੜ੍ਹੇ ਹੋ ਕੇ ਸਤਿਕਾਰ ਸਹਿਤ ਸਾਥ ਦਿੱਤਾ। ਏਆਈਓ ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ ਐੱਮ ਬੀ ਈ ਨੇ ਸਮਾਗਮ ਦੇ ਸਵਾਗਤੀ ਸ਼ਬਦ ਬੋਲਦਿਆਂ ਏਆਈਓ ਦੇ ਇਤਿਹਾਸ 'ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਵਜੋਂ ਪਹੁੰਚੇ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਤਰਫੋਂ ਕੌਂਸਲ ਅਤੇ ਐੱਚ ਓ ਸੀ ਆਜ਼ਾਦ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਏਆਈਓ ਦੇ ਕਾਰਕੁੰਨਾਂ ਨੂੰ ਵਧਾਈ ਦਿੱਤੀ। ਗਲਾਸਗੋ ਸਿਟੀ ਕੌਂਸਲ ਦੀ ਤਰਫੋਂ ਡਿਪਟੀ ਲਾਰਡ ਪ੍ਰੋਵੋਸਟ ਕੌਂਸਲਰ ਬੇਲੀ ਮੇਰੀ ਗੇਰਿਟੀ ਨੇ ਸੰਬੋਧਨ ਕਰਦਿਆਂ ਹਰ ਸੰਭਵ ਸਾਥ ਦਾ ਯਕੀਨ ਦਵਾਇਆ। ਰੰਗਾਰੰਗ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਦੇਸੀ ਬ੍ਰੇਵਹਾਰਟ ਟੀਮ ਵੱਲੋਂ ਅਮੀਸ਼ਾ, ਈਧਾ, ਸਾਇਲਾ, ਪ੍ਰੀਆ ਤੇ ਅੰਕਿਤਾ ਨੇ ਦੇਸ਼ ਰੰਗੀਲਾ ਗੀਤ ਦੀਆਂ ਧੁਨਾਂ ਉੱਪਰ ਨ੍ਰਿਤ ਕਰਕੇ ਸਭ ਨੂੰ ਦੰਗ ਕਰ ਦਿੱਤਾ। ਇਸ ਤੋਂ ਬਾਅਦ ਇਸ ਸਮਾਗਮ ਵਿੱਚ ਸਭ ਤੋਂ ਛੋਟੀ ਉਮਰ ਦੇ ਪੇਸ਼ਕਾਰ ਹਿੰਮਤ ਖੁਰਮੀ ਨੇ ਆਪਣੀ ਕਵਿਤਾ ਇਨਕਲਾਬ ਜ਼ਿੰਦਾਬਾਦ ਰਾਹੀਂ ਮਾਹੌਲ ਵਿੱਚ ਜੋਸ਼ ਭਰ ਦਿੱਤਾ। ਹਿੰਮਤ ਜਿਉਂ ਹੀ ਕਵਿਤਾ ਦਾ ਪਹਿਰਾ ਇਨਕਲਾਬ ਕਹਿ ਕੇ ਖਤਮ ਕਰਦਾ ਤਾਂ ਹਾਜ਼ਰ ਲੋਕ ਜ਼ਿੰਦਾਬਾਦ ਕਹਿ ਕੇ ਹਾਲ ਨੂੰ ਗੂੰਜਣ ਲਾ ਦਿੰਦੇ। ਝਨਕਾਰ ਬੀਟਸ ਟੀਮ ਵੱਲੋਂ ਵਿਜੇਸ਼ਿਰੀ, ਰਾਜ ਰੂਪਾ, ਨੰਦਨੀ, ਮੋਇਨਾ, ਲਹਿਰੀ ਗੋਲਾਮੁਡੀ, ਧਵਨੀ ਤੇ ਨੇਹਾਂ ਵੱਲੋਂ ਸ਼ਾਨਦਾਰੀ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾਇਆ। ਬਹੁਤ ਹੀ ਸੁਰੀਲੇ ਹਿੰਦੀ ਗਾਇਕ ਅਭਿਜੀਤ ਕੜਵੇ ਨੇ 'ਸੰਦੇਸ਼ੇ ਆਤੇ ਹੈਂ' ਗੀਤ ਗਾ ਕੇ ਹਰ ਕਿਸੇ ਨੂੰ ਗਾਉਣ ਤੇ ਨੱਚਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : Google 'ਤੇ ਸਰਚ ਕਰਨ ਤੋਂ ਪਹਿਲਾਂ ਰਹੋ ਸਾਵਧਾਨ! ਇਹ ਚੀਜ਼ਾਂ Search ਕਰਨਾ ਤੁਹਾਨੂੰ ਪਹੁੰਚਾ ਸਕਦਾ ਹੈ ਜੇਲ੍ਹ ਤੱਕ
ਏਆਈਓ ਦੇ ਸਹਾਇਕ ਸਕੱਤਰ ਹਰਦਿਆਲ ਸਿੰਘ ਬਾਹਰੀ ਵੱਲੋਂ ਬੋਟ ਆਫ ਥੈਂਕਸ ਦੀ ਸੇਵਾ ਨਿਭਾਈ ਗਈ ਤੇ ਨਾਲ ਹੀ ਉਹਨਾਂ ਏਆਈਓ ਸਮਾਗਮਾਂ ਵਿੱਚ ਹਿੰਮਤ ਖੁਰਮੀ ਦੀ ਪਹਿਲੀ ਪੇਸ਼ਕਾਰੀ ਲਈ ਜੀ ਆਇਆਂ ਨੂੰ ਤੇ ਸ਼ਾਬਾਸ਼ ਵੀ ਆਖੀ। ਸਵਿਤਾ ਮੈਨਨ ਤੇ ਮਰੀਦੁਲਾ ਨਾਇਰ ਨੇ ਲਾਈਵ ਸੰਗੀਤ ਨਾਲ ਮੋਹਿ ਨਾਟਿਅਮ ਦੀ ਪੇਸ਼ਕਾਰੀ ਕਰਕੇ ਸਮਾਗਮ ਨੂੰ ਸਿਖਰ ‘ਤੇ ਪਹੁੰਚਾਇਆ। ਸਮਾਗਮ ਦੀ ਸੂਤਰਧਾਰ ਤੇ ਪਰਦੇ ਪਿੱਛੇ ਰਹਿ ਕੇ ਮਿਹਨਤ ਕਰਨ ਵਾਲੀ ਏਆਈਓ ਦੀ ਸਕੱਤਰ ਸ਼੍ਰੀਮਤੀ ਮਰਿਦੁਲਾ ਚੱਕਰਬਰਤੀ ਬੇਸ਼ੱਕ ਇੱਕ ਲਫਜ਼ ਵੀ ਨਾ ਬੋਲੇ ਪਰ ਮੰਚ ਉੱਪਰ ਉਹਨਾਂ ਨੂੰ ਇੱਕ ਝਲਕ ਲਈ ਬੁਲਾਇਆ ਗਿਆ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਗਲਾਸਗੋ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਦੀ ਸਥਾਪਨਾ ਲਈ ਲੋਕ ਰਾਏ ਲੈਣ ਸਬੰਧੀ ਆਕਰਸ਼ ਤਿਆਗੀ ਨੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਉਨਾਂ ਏਆਈਓ ਦੀ ਸਮੁੱਚੀ ਟੀਮ ਅਤੇ ਵਲੰਟੀਅਰਾਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਅਤੇ ਸੋਹਣ ਸਿੰਘ ਰੰਧਾਵਾ ਵੱਲੋਂ ਸਮੂਹ ਪੇਸ਼ਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਨਿਭਾਈ ਗਈ। ਇਸ ਤਰ੍ਹਾਂ ਇਹ ਸਾਲਾਨਾ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8