ਸਾਵਧਾਨ! ਹੈਂਡ ਡ੍ਰਾਇਰ ਦੀ ਆਵਾਜ਼ ਨਾਲ ਬੋਲੇ ਹੋ ਸਕਦੇ ਹਨ ਤੁਹਾਡੇ ਬੱਚੇ

Tuesday, Jul 02, 2019 - 06:51 PM (IST)

ਸਾਵਧਾਨ! ਹੈਂਡ ਡ੍ਰਾਇਰ ਦੀ ਆਵਾਜ਼ ਨਾਲ ਬੋਲੇ ਹੋ ਸਕਦੇ ਹਨ ਤੁਹਾਡੇ ਬੱਚੇ

ਵਾਸ਼ਿੰਗਟਨ/ਕੈਲਗਰੀ— 13 ਸਾਲਾ ਬੱਚੀ ਦੀ ਇਕ ਹੈਰਾਨ ਕਰਨ ਵਾਲੀ ਰਿਸਰਚ ਸਾਹਮਣੇ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ ਟਾਇਲਟ 'ਚ ਲੱਗੇ ਹੈਂਡ ਡ੍ਰਾਇਰ ਬੱਚਿਆਂ ਲਈ ਬਹੁਤ ਹਾਨੀਕਾਰਕ ਹੋ ਸਕਦੇ ਹਨ। ਨੋਰਾ ਕੀਗਨ ਦੀ ਇਹ ਰਿਪੋਰਟ ਕੈਨੇਡੀਅਨ ਪੇਡੀਅਟ੍ਰਿਕ ਸੋਸਾਇਟੀ ਦੇ ਜਨਰਲ 'ਚ ਛਪੀ ਹੈ। ਇਸ 'ਚ ਕਿਹਾ ਗਿਆ ਹੈ ਕਿ ਹੈਂਡ ਡ੍ਰਾਇਰ ਦੀ ਤੇਜ਼ ਆਵਾਜ਼ ਬੱਚਿਆਂ ਦੇ ਕੰਨਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਇਨ੍ਹਾਂ ਦੀ ਆਵਾਜ਼ ਕਿਸੇ ਖੇਡ ਦੌਰਾਨ ਆਉਣ ਵਾਲੀ ਆਵਾਜ਼ ਜਾਂ ਫਿਰ ਕਿਸੇ ਸਬਵੇਅ ਤੋਂ ਲੰਘਦੀ ਟਰੇਨ ਵਾਂਗ ਹੁੰਦੀ ਹੈ।

ਨੋਰਾ ਨੇ ਇਸੇ ਸਵਾਲ ਦਾ ਜਵਾਬ ਤਲਾਸ਼ਣ ਲਈ ਕਰੀਬ ਇਕ ਸਾਲ ਤੱਕ ਰਿਸਰਚ ਕੀਤੀ। ਇਸ ਦੌਰਾਨ ਉਸ ਨੇ ਆਪਣੇ ਹੋਮਟਾਊਨ ਕੈਲਗਰੀ 'ਚ ਬਣੇ ਸੈਂਕੜੇ ਰੈਸਟਰੂਮ 'ਚ ਲੱਗੇ ਡ੍ਰਾਇਰ ਦੀ ਜਾਂਚ ਕੀਤੀ। ਨੋਰਾ ਦੀ ਇਸ ਰਿਸਰਚ 'ਚ ਦੋ ਪਹਿਲੂ ਬੇਹੱਦ ਖਾਸ ਸਨ। ਪਹਿਲਾ ਤਾਂ ਇਹ ਕਿ ਇਹ ਰਿਸਰਚ ਉਸ ਦੇ ਲਈ ਅਕਾਦਮਿਕ ਦੇ ਨਾਲ-ਨਾਲ ਨਿੱਜੀ ਤੌਰ 'ਤੇ ਵੀ ਜਾਣਕਾਰੀ ਵਧਾਉਣ ਵਾਲੀ ਸੀ।

ਨੋਰਾ ਨੇ ਇਸ ਗੱਲ ਨੂੰ ਨੇੜੇ ਤੋਂ ਮਹਿਸੂਸ ਕੀਤਾ ਸੀ ਕਿ ਹੈਂਡ ਡ੍ਰਾਇਰ ਦੀ ਆਵਾਜ਼ ਉਸ ਦੇ ਤੇ ਉਸ ਜਿਹੇ ਬੱਚਿਆਂ ਦੇ ਕੰਨਾਂ ਨੂੰ ਚੁੱਭਦੀ ਸੀ। ਇੰਨਾਂ ਹੀ ਨਹੀਂ ਇਸ ਰਿਸਰਚ ਦੌਰਾਨ ਉਸ ਨੇ ਪਾਇਆ ਕਿ ਇਸ ਦੀ ਵਰਤੋਂ ਕਰਨ ਵਾਲੇ ਬੱਚੇ ਆਪਣੇ ਕੰਨਾਂ ਨੂੰ ਕਿਸੇ ਚੀਜ਼ ਨਾਲ ਢੱਕ ਲੈਂਦੇ ਸਨ, ਕਿਉਂਕਿ ਇਸ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ। ਇਥੋਂ ਹੀ ਉਸ ਨੂੰ ਇਸ 'ਤੇ ਰਿਸਰਚ ਕਰਨ ਦਾ ਖਿਆਲ ਆਇਆ। ਉਸ ਨੂੰ ਲੱਗਦਾ ਸੀ ਕਿ ਇਹ ਆਵਾਜ਼ ਛੋਟੇ ਬੱਚਿਆਂ ਦੇ ਦਿਮਾਗ ਲਈ ਹਾਨੀਕਾਰਕ ਹੈ ਤੇ ਇਸੇ ਲਈ ਉਸ ਨੂੰ ਇਸ ਦੀ ਜਾਂਚ ਦਾ ਆਈਡੀਆ ਆਇਆ।

ਨੋਰਾ ਨੇ ਆਪਣੀ ਰਿਸਰਚ ਦੀ ਸ਼ੁਰੂਆਤ ਉਸ ਵੇਲੇ ਕੀਤੀ ਜਦੋਂ ਉਹ ਪੰਜਵੀਂ ਕਲਾਸ 'ਚ ਸੀ। ਉਸ ਵੇਲੇ ਉਹ ਸਾਈਂਸ ਫੇਅਰ 'ਚ ਸ਼ਾਮਿਲ ਕਰਨ ਲਈ ਕਿਸੇ ਪ੍ਰੋਜੈਕਟ ਦੀ ਤਲਾਸ਼ 'ਚ ਸੀ। ਇਸ ਪ੍ਰੋਜੈਕਟ 'ਤੇ ਕੰਮ ਕਰਨ ਤੋਂ ਪਹਿਲਾਂ ਉਹ ਕਈ ਵਾਰ ਆਪਣੇ ਪਰਿਵਾਰ ਨੂੰ ਹੇਅਰ ਡ੍ਰਾਇਰ ਦੀ ਤੇਜ਼ ਆਵਾਜ਼ ਨੂੰ ਲੈ ਕੇ ਸ਼ਿਕਾਇਤ ਕਰ ਚੁੱਕੀ ਸੀ। ਜਦੋਂ ਉਸ ਨੇ ਇਸ 'ਤੇ ਰਿਸਰਚ ਕਰਨੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਉਸ ਨੇ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਹੇਅਰ ਡ੍ਰਾਇਰ ਨੂੰ ਬਣਾਉਣ ਵਾਲੀਆਂ ਕੰਪਨੀਆਂ ਇਸ 'ਚੋਂ ਨਿਕਲਣ ਵਾਲੀ ਆਵਾਜ਼ ਨੂੰ ਕਿਵੇਂ ਮਾਪਦੀਆਂ ਹਨ।

ਉਸ ਨੂੰ ਪਤਾ ਲੱਗਿਆ ਕਿ ਕੰਪਨੀਆਂ ਇਸ ਨੂੰ ਬਣਾਉਣ ਵੇਲੇ ਇਸ ਦਾ ਧਿਆਨ ਨਹੀਂ ਰੱਖਦੀਆਂ। ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿ ਇਸ ਤੋਂ ਨਿਕਲਣ ਵਾਲੀ ਆਵਾਜ਼ ਬੱਚਿਆਂ 'ਤੇ ਕੀ ਅਸਰ ਕਰਦੀ ਹੈ। ਹਾਲਾਂਕਿ ਨਵੀਂਆਂ ਕੰਪਨੀਆਂ ਨੇ ਇਸ ਦੇ ਲਈ ਇਕ ਮਾਣਕ ਤਿਆਰ ਕੀਤਾ ਹੈ। ਇਸ ਦੇ ਆਧਾਰ 'ਤੇ ਉਹ ਹੈਂਡ ਡ੍ਰਾਇਰ ਤੋਂ 18 ਇੰਚ ਦੀ ਦੂਰੀ ਤੋਂ ਇਸ ਦੀ ਆਵਾਜ਼ ਨੂੰ ਮਾਪਦੇ ਹਨ। ਪਰ ਬੱਚਿਆਂ ਦੇ ਹੱਥ ਇੰਨੀ ਦੂਰੀ ਤੋਂ ਹੈਂਡ ਡ੍ਰਾਇਰ ਤੱਕ ਨਹੀਂ ਪਹੁੰਚ ਸਕਦੇ ਤੇ ਉਨ੍ਹਾਂ ਨੂੰ ਹੈਂਡ ਡ੍ਰਾਇਰ ਦੇ 18 ਇੰਚ ਦੇ ਦਾਇਰੇ 'ਚ ਜਾਣਾ ਪੈਂਦਾ ਹੈ। ਨੋਰਾ ਨੂੰ ਉਸ ਦੀ ਰਿਸਰਚ ਲਈ ਸਨਮਾਨਿਤ ਵੀ ਕੀਤਾ ਗਿਆ ਹੈ।

ਆਪਣੀ ਰਿਸਰਚ 'ਚ ਨੋਰਾ ਨੇ ਉਨ੍ਹਾਂ ਰੈਸਟਰੂਮਾਂ 'ਚ ਲੱਗੇ ਹੈਂਡ ਡ੍ਰਾਇਰਸ ਦੀ ਜਾਂਚ ਕੀਤੀ ਜਿਥੇ ਬੱਚੇ ਅਕਸਰ ਜਾਂਦੇ ਸਨ। ਇਸ 'ਚ ਸਕੂਲ, ਮਾਲਸ, ਰੈਸਤਰਾਂ ਸ਼ਾਮਲ ਸਨ। ਹਰ ਥਾਂ ਤੋਂ ਨੋਰਾ ਨੇ ਕਰੀਬ 20 ਮੇਜ਼ਰਮੈਂਟਸ ਲਏ। ਇਸ 'ਚ ਵੱਖ-ਵੱਖ ਦੂਰੀ 'ਤੇ ਆਉਣ ਵਾਲੀ ਆਵਾਜ਼ 'ਚ ਫਰਕ ਸੀ। ਰਿਸਰਚ ਤੋਂ ਪਤਾ ਲੱਗਿਆ ਕਿ ਕਰੀਬ 44 ਹੈਂਡ ਡ੍ਰਾਇਰ ਅਜਿਹੇ ਸਨ, ਜਿਨ੍ਹਾਂ 'ਚੋਂ ਨਿਕਲਣ ਵਾਲੀ ਆਵਾਜ਼ 100 ਡੈਸੀਬਲ ਤੋਂ ਜ਼ਿਆਦਾ ਸੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਡ੍ਰਾਇਰ ਹੇਠਾਂ ਹੱਥਾਂ ਦੀ ਦਿਸ਼ਾਂ ਨਾਲ ਵੀ ਆਵਾਜ਼ 'ਚ ਫਰਕ ਪੈਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਡੀਫਨੈੱਸ ਐਂਡ ਅਦਰ ਕਮਿਊਨੀਕੇਸ਼ਨ ਡਿਸੀਸ ਦੇ ਮੁਤਾਬਕ ਅਜਿਹੀ ਸਥਿਤੀ 'ਚ ਜੇਕਰ 15 ਮਿੰਟ ਰੁਕਿਆ ਜਾਵੇ ਤਾਂ ਕੰਨਾਂ ਤੋਂ ਸੁਣਨਾ ਬੰਦ ਹੋ ਸਕਦਾ ਹੈ। ਇੰਸਟੀਚਿਊਟ ਮੁਤਾਬਕ 110 ਡੈਸੀਬਲ ਦੀ ਆਵਾਜ਼ 'ਤੇ ਦੋ ਮਿੰਟ ਦੇ ਅੰਦਰ ਕੰਨਾਂ ਤੋਂ ਸੁਣਾਈ ਦੇਣਾ ਬੰਦ ਹੋ ਸਕਦਾ ਹੈ। ਨੋਰਾ ਨੇ ਆਪਣੀ ਰਿਸਰਚ 'ਚ ਹੈਂਡ ਡ੍ਰਾਇਰ ਤੋਂ ਆਉਣ ਵਾਲੀ ਆਵਾਜ਼ ਨੂੰ 120 ਡੈਸੀਬਲ ਤੱਕ ਮਾਪਿਆ ਸੀ। ਇਸ 'ਚ ਕੰਨਾਂ 'ਚ ਦਰਦ ਤੇ ਇਅਰ ਇੰਜਰੀ ਹੋ ਸਕਦੀ ਹੈ।


author

Baljit Singh

Content Editor

Related News