BC ਟਾਈਗਰਜ਼ ਦਾ ਮੀਰੀ ਪੀਰੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ
Tuesday, Jul 01, 2025 - 09:21 PM (IST)

ਵੈਨਕੂਵਰ (ਮਲਕੀਤ ਸਿੰਘ) : ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਬੀਸੀ ਟਾਈਗਰਜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 28 ਅਤੇ 29 ਜੂਨ ਨੂੰ ਸਰੀ ਦੀ 128 ਸਟਰੀਟ ਤੇ ਸਥਿਤ ਐਥੈਲੈਟਿਕਸ ਪਾਰਕ 'ਚ ਕਰਵਾਇਆ ਗਿਆ। ਕੋਮਾਂਤਰੀ ਪੱਧਰ ਦਾ 13ਵਾਂ ਮੀਰੀ ਪੀਰੀ ਸ਼ੋਕਰ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ।
ਇਸ ਟੂਰਨਾਮੈਂਟ 'ਚ ਗੁਆਂਢੀ ਦੇਸ਼ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇਲਾਵਾ ਕੈਨੇਡਾ ਦੇ ਸੂਬਿਆਂ ਅਲਬਰਟਾ, ਮੈਨੀਟੋਬਾ, ਉਨਟਾਰੀਓ ਆਦਿ ਤੋਂ ਪੁੱਜੀਆਂ 215 ਟੀਮਾਂ ਦੇ ਖਿਡਾਰੀਆਂ ਨੇ ਆਪੋ-ਆਪਣੀ ਖੇਡ ਦਾ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਵਾਹ-ਵਾਹ ਖੱਟੀ। ਇਸ ਟੂਰਨਾਮੈਂਟ ਦੌਰਾਨ 6 ਸਾਲ ਦੀ ਉਮਰ ਤੋਂ ਲੈ ਕੇ 55 ਸਾਲ ਦੇ ਖਿਡਾਰੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕਰ ਕੇ ਆਪੋ-ਆਪਣੀ ਖੇਡ ਖੇਡਦਿਆਂ ਸਰੀਰਕ ਬਲ ਦਾ ਬੜੇ ਹੀ ਵਧੀਆ ਤਰੀਕੇ ਨਾਲ ਕੀਤੇ ਗਏ ਪ੍ਰਦਰਸ਼ਨਾਂ ਨਾਲ ਖੇਡ ਪ੍ਰੇਮੀਆਂ ਦਾ ਮਨ ਮੋਹ ਲਿਆ।
27 ਜੂਨ ਨੂੰ ਆਰੰਭ ਹੋਏ ਇਸ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਮੌਕੇ ਆਯੋਜਿਤ ਕਰਵਾਏ ਗਏ ਇੱਕ ਸੰਖੇਪ ਰੰਗ-ਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗੱਭਰੂਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ਨਾਲ ਮਾਹੌਲ ਸੱਚਮੁੱਚ ਹੀ ਰੰਗੀਨ ਬਣਿਆ ਨਜ਼ਰੀ ਆਇਆ। ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੇ ਅਖੀਰਲੇ ਦਿਨ ਕਰਵਾਏ ਗਏ ਫਾਈਨਲ ਮੁਕਾਬਲਿਆਂ 'ਚੋਂ ਟੈਪਲ ਯੂਨਾਈਟਡ ਪੈਰਾਸਿਸ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਜਦੋਂ ਕਿ ਗ੍ਰੇਟਰ ਵੈਨਕੂਵਰ ਯੂਨਾਈਟਡ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਸਿਲਵਰ ਡਿਵੀਜ਼ਨ ਮੁਕਾਬਲਿਆਂ ਵਿੱਚੋਂ ਬੀਸੀ ਟਾਈਗਰਜ਼ ਥੰਡਰ ਦੀ ਟੀਮ ਪਹਿਲੇ ਨੰਬਰ ਅਤੇ ਬੀਸੀ ਟਾਈਗਰ ਸੁਪਰਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਗੋਲਡ ਡਿਵੀਜ਼ਨ ਮੁਕਾਬਲਿਆਂ 'ਚ ਐਬਸਫੋਰਡ ਯੂਨਾਈਟਡ ਸ਼ੋਕਰ ਕਲੱਬ ਦੀ ਟੀਮ ਪਹਿਲੇ ਅਤੇ ਪੰਜਾਬ ਵੇਰੀਅਰ ਐਡਮਿੰਟਨ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਪ੍ਰੇਮੀਅਰ ਡਿਵੀਜ਼ਨ ਮੁਕਾਬਲਿਆਂ 'ਚੋਂ ਗ੍ਰੇਟਰ ਵੈਨਕੂਵਰ ਯੂਨਾਈਟਡ ਬੀ.ਬੀ.ਐੱਸ. ਦੀ ਟੀਮ ਪਹਿਲੇ ਅਤੇ ਤਪਾਤੀਉ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ 'ਚ ਹੋਰਨਾਂ ਤੋਂ ਇਲਾਵਾ ਐੱਮ.ਪੀ ਸੁੱਖ ਧਾਲੀਵਾਲ, ਮੰਤਰੀ ਜਗਰੂਪ ਸਿੰਘ, ਮੇਅਰ ਬਰੈਡਾ ਲੋਕ, ਹੈਰੀ ਬੈਂਸ, ਮਨਦੀਪ ਨਾਗਰਾ, ਲਿੰਡਾ ਐਲਨ, ਜਸਵਿੰਦਰ ਧਾਰਨੀ, ਡੱਗ ਇਲਫਿਡ, ਰੌਬ ਸਟੱਬ, ਕੰਵਲਜੀਤ ਸਿੰਘ, ਸੁਖਬੀਰ ਪੂਨੀਆਂ ਅਤੇ ਪ੍ਰਦੀਪ ਕੂਨਰ ਹਾਜ਼ਰ ਸਨ।
ਅਖੀਰ 'ਚ ਪ੍ਰਬੰਧਕ ਕਮੇਟੀ ਵੱਲੋਂ ਅਜਿੰਦਰ ਸਿੰਘ ਮਾਗਟ ਨੇ ਆਈਆ ਹੋਈਆ ਟੀਮਾਂ, ਮਹਿਮਾਨਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੌਰਾਨ ਪ੍ਰਬੰਧਕਾਂ ਵੱਲੋਂ ਲਗਾਤਾਰ ਚਾਹ-ਪਕੌੜਿਆਂ ਸਮੇਤ ਲਗਾਏ ਗਏ ਵੱਖ-ਵੱਖ ਪਕਵਾਨਾ ਦੇ ਲੰਗਰਾਂ ਦੇ ਕੀਤੇ ਗਏ ਵਿਸ਼ੇਸ਼ ਪ੍ਰਬੰਧ ਸ਼ਲਾਘਾਯੋਗ ਸਨ।