ਬੰਗਲਾਦੇਸ਼ ’ਚ ਕੋਰੋਨਾ ਦਾ ਡੈਲਟਾ ਵੇਰੀਐਂਟ ਹੋਇਆ ਮਾਰੂ, ਦੇਸ਼ ਪੱਧਰੀ ਸਖ਼ਤ ਤਾਲਾਬੰਦੀ ਦਾ ਐਲਾਨ

Saturday, Jun 26, 2021 - 04:11 PM (IST)

ਬੰਗਲਾਦੇਸ਼ ’ਚ ਕੋਰੋਨਾ ਦਾ ਡੈਲਟਾ ਵੇਰੀਐਂਟ ਹੋਇਆ ਮਾਰੂ, ਦੇਸ਼ ਪੱਧਰੀ ਸਖ਼ਤ ਤਾਲਾਬੰਦੀ ਦਾ ਐਲਾਨ

ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਮਾਰੂ ਹੁੰਦਿਆਂ ਦੇਖ 28 ਜੂਨ ਤੋਂ ਅਗਲੇ ਹੁਕਮਾਂ ਤਕ ਦੇਸ਼ ਪੱਧਰੀ ਸਖ਼ਤ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧੇ ਨੂੰ ਦੇਖਦਿਆਂ ਤੇ ਇਸ ਵਾਇਰਸ ਨਾਲ ਹੋ ਰਹੀਆਂ ਮੌਤਾਂ ਕਾਰਨ ਇਹ ਸਖਤ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਇਕ ਦਿਨ ’ਚ 108 ਲੋਕਾਂ ਦੀ ਮੌਤ ਹੋ ਗਈ, ਜੋ ਮਹਾਮਾਰੀ ਦੀ ਸ਼ੁੁਰੂਆਤ ਤੋਂ ਬਾਅਦ ਇਕ ਦਿਨ ’ਚ ਹੋਈਆਂ ਮੌਤਾਂ ਦੀ ਦੂਸਰੀ ਸਭ ਤੋਂ ਵੱਡੀ ਗਿਣਤੀ ਹੈ। ਬੰਗਲਾਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋਣ ਪਿੱਛੇ ਕੋਰੋਨਾ ਦੇ ਨਵੇਂ ਰੂਪ ਡੈਲਟਾ ਵੇਰੀਐਂਟ ਦਾ ਹੱਥ ਹੈ।

ਇਹ ਵੀ ਪੜ੍ਹੋ : ਚੀਨ ਦੇ ਤਸ਼ੱਦਦ ਦੀ ਦਾਸਤਾਨ, ਉਈਗਰ ਮੁਸਲਮਾਨਾਂ ਨੂੰ ਦੇ ਰਿਹਾ 25 ਸਾਲ ਤੱਕ ਦੀ ਸਖਤ ਸਜ਼ਾ

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਖਤਰਨਾਕ ਡੈਲਟਾ ਵੇਰੀਐਂਟ ਰਾਜਧਾਨੀ ਢਾਕਾ ’ਚ ਫੈਲ ਗਿਆ ਹੈ, ਜਿਸ ਨਾਲ ਦੇਸ਼ ਦੀ ਰਾਜਧਾਨੀ ’ਚ ਸਿਹਤ ਸਹੂੁਲਤਾਂ ’ਤੇ ਦਬਾਅ ਵਧ ਗਿਆ ਹੈ। ਇਕ ਅਧਿਕਾਰਤ ਹੁਕਮ ਵਿਚ ਕਿਹਾ ਗਿਆ ਹੈ ਕਿ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੇ ਸਰਕਾਰੀ ਤੇ ਨਿੱਜੀ ਦਫਤਰ ਬੰਦ ਰਹਿਣਗੇ। ਬਿਨਾਂ ਬਹੁਤ ਜ਼ਰੂਰੀ ਕਾਰਨਾਂ ਦੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਸਿਰਫ ਐਮਰਜੈਂਸੀ ਵਾਹਨਾਂ ਦੇ ਚੱਲਣ ਦੀ ਇਜਾਜ਼ਤ ਹੋਵੇਗੀ।

 ਸਖਤੀ ਨਾਲ ਲਾਗੂ ਹੋਵੇਗੀ ਤਾਲਾਬੰਦੀ
ਲੋਕ ਪ੍ਰਸ਼ਾਸਨ ਮੰਤਰਾਲਾ ਨੇ ਕਿਹਾ ਸੀ ਕਿ ਉਹ ਕੋਰੋਨਾ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸੰਮਤੀ (ਐੱਨ. ਏ. ਟੀ. ਸੀ.) ਦੀ ਸਲਾਹ ਦੇ ਅਨੁਸਾਰ ਦੋ ਹਫਤਿਆਂ ਤਕ ਚੱਲਣ ਵਾਲੇ ਰਾਸ਼ਟਰ ਪੱਧਰੀ ਬੰਦ ਨੂੰ ਲਾਗੂ ਕਰਨ ਸਬੰਧੀ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ। ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਸਿਹਤ ਅਧਿਕਾਰੀਆਂ ਦੀ ਰਿਪੋਰਟ ਸਾਹਮਣੇ ਆਈ ਹੈ। ਲੋਕ ਪ੍ਰਸ਼ਾਸਨ ਦੇ ਰਾਜ ਮੰਤਰੀ ਫਰਹਾਦ ਹੁਸੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸੀਂ ਕਿਸੇ ਵੀ ਸਮੇਂ ਤਾਲਾਬੰਦੀ ਕਰਨ ਲਈ ਤਿਆਰ ਹਾਂ। ਇਹ ਬਹੁਤ ਸਖਤੀ ਨਾਲ ਲਾਗੂ ਕੀਤੀ ਜਾਵੇਗੀ।

ਐੱਨ. ਏ. ਟੀ. ਸੀ. ਨੇ ਕਿਹਾ ਕਿ ਤਾਲਾਬੰਦੀ ਤੋਂ ਬਿਨਾਂ ਸਥਿਤੀ ’ਤੇ ਕਾਬੁੂ ਨਹੀਂ ਪਾਇਆ ਜਾ ਸਕਦਾ। ਇਸ ਲਈ ਸਖਤੀ ਨਾਲ ਤਾਲਾਬੰਦੀ ਕਰਨੀ ਹੀ ਇਸ ਦਾ ਹੱਲ ਹੈ। ਇਸ ਨਾਲ ਹੀ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਵਿਗੜ ਰਹੇ ਹਾਲਾਤ ’ਤੇ ਕਾਬੂ ਪਾਇਆ ਜਾ ਸਕਦਾ ਹੈ। ਬੰਗਲਾਦੇਸ਼ ਦੇ ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 13976 ’ਤੇ ਪਹੁੰਚ ਗਈ ਹੈ। ਉਥੇ ਹੀ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 5969 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 878804 ਹੋ ਗਈ ਹੈ।


author

Manoj

Content Editor

Related News