ਬੰਗਲਾਦੇਸ਼ ਦੀ ਸਾਬਕਾ ਪੀ.ਐੱਮ.ਖਾਲੀਦਾ ਜ਼ੀਆ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਮਿਲੀ ਸਜ਼ਾ

02/08/2018 3:34:57 PM

ਢਾਕਾ— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਬੇਗਮ ਖਾਲੀਦਾ ਜ਼ੀਆ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਅੱਜ (ਵੀਰਵਾਰ ਨੂੰ) ਫੈਸਲਾ ਆ ਗਿਆ ਹੈ। ਉਸ ਨੂੰ 5 ਸਾਲਾਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਦੀ ਵਿਸ਼ੇਸ਼ ਅਦਾਲਤ-5 ਨੇ 72 ਸਾਲਾ ਜ਼ੀਆ ਨੂੰ 2.1 ਕਰੋੜ ਟਕਾ (252,000 ਡਾਲਰ) ਦੇ ਚੰਦੇ ਦੇ ਪੈਸਾ ਖਾਣ ਦੇ ਸਿਲਸਿਲੇ 'ਚ ਇਹ ਸਜ਼ਾ ਸੁਣਾਈ ਹੈ। ਇਹ ਮਾਮਲਾ 'ਜ਼ੀਆ ਅਨਾਥ ਆਸ਼ਰਮ' 'ਚ ਭ੍ਰਿਸ਼ਟਾਚਾਰ ਦਾ ਹੈ। ਖਾਲੀਦਾ ਦੇ ਪੁੱਤ ਤਾਰਿਕ ਰਹਿਮਾਨ ਅਤੇ ਚਾਰ ਹੋਰਾਂ ਨੂੰ 10-10 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 
ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਉਨ੍ਹਾਂ 'ਤੇ ਦੋ ਦੋਸ਼ ਲਗਾਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ 'ਜ਼ੀਆ ਚੈਰੀਟੇਬਲ ਟਰੱਸਟ' ਅਤੇ ਇਕ ਹੋਰ ਟਰੱਸਟ ਸਿਰਫ ਕਾਗਜ਼ਾਂ 'ਤੇ ਹੀ ਸਨ। ਜਦ ਖਾਲੀਦਾ 2001-2006 ਦੀ ਬੀ.ਐੱਨ.ਪੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਸੀ ਤਦ ਉਸ ਨੇ ਇਨ੍ਹਾਂ ਦੋਹਾਂ ਸੰਗਠਨਾਂ ਦੇ ਨਾਂ 'ਤੇ ਵੱਡੀ ਹੇਰਾਫੇਰੀ ਕੀਤੀ ਗਈ ਸੀ। ਖਾਲੀਦਾ 'ਤੇ ਇਸ ਮਾਮਲੇ 'ਚ 2008 'ਚ ਕੇਸ ਦਰਜ ਹੋਇਆ ਸੀ। 
ਇਸ ਮਾਮਲੇ 'ਚ ਫੈਸਲੇ ਦਾ ਪ੍ਰਭਾਵ ਨਾ ਸਿਰਫ ਬੰਗਲਾਦੇਸ਼ ਦੀ ਰਾਜਨੀਤੀ ਸਗੋਂ ਕੌਮਾਂਤਰੀ ਮਾਮਲਿਆਂ 'ਤੇ ਵੀ ਪਵੇਗਾ। ਬੰਗਲਾਦੇਸ਼ 'ਚ ਜਲਦੀ ਹੀ ਚੋਣਾਂ ਹੋਣ ਵਾਲੀਆਂ ਹਨ। ਦੋ-ਪੱਖੀ ਸੰਬੰਧਾਂ ਦੇ ਮੱਦੇਨਜ਼ਰ ਭਾਰਤ ਦੀ ਵੀ ਇਸ ਮਾਮਲੇ 'ਤੇ ਨਜ਼ਰ ਸੀ। ਬੰਗਲਾਦੇਸ਼ ਦੀ ਸਿਆਸਤ 'ਤੇ ਇਸ ਫੈਸਲੇ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਸਜ਼ਾ ਮਗਰੋਂ ਖਾਲੀਦਾ ਚੋਣਾਂ 'ਚ ਹਿੱਸਾ ਨਹੀਂ ਲੈ ਸਕੇਗੀ ਅਤੇ ਇਸ ਦਾ ਸਿੱਧਾ ਲਾਭ ਸ਼ੇਖ ਹਸੀਨਾ ਦੀ ਪਾਰਟੀ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਖਾਲੀਦਾ ਜ਼ੀਆ, ਉਨ੍ਹਾਂ ਦੇ ਪੁੱਤਰ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੇ ਉੱਚ ਪ੍ਰਧਾਨ ਤਾਰਿਕ ਰਹਿਮਾਨ ਸਮੇਤ 5 ਲੋਕਾਂ ਦੇ ਖਿਲਾਫ 2.52 ਲੱਖ ਡਾਲਰਾਂ ਦੇ ਭ੍ਰਿਸ਼ਟਾਚਾਰ ਦਾ ਦੋਸ਼ ਸੀ। ਫੈਸਲੇ ਦੇ ਮੱਦੇਨਜ਼ਰ ਪੂਰੇ ਦੇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।


Related News