ਬੰਗਲਾਦੇਸ਼ ਦੇ ਰਸਾਇਣ ਗੋਦਾਮ ''ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ

Friday, Apr 23, 2021 - 09:02 PM (IST)

ਬੰਗਲਾਦੇਸ਼ ਦੇ ਰਸਾਇਣ ਗੋਦਾਮ ''ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ

ਢਾਕਾ - ਬੰਗਲਾਦੇਸ਼ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਇਕ ਰਸਾਇਣ ਗੋਦਾਮ ਵਿਚ ਅੱਗ ਲੱਗ ਗਈ। ਇਸ ਵਿਚ ਇਕ ਮਹਿਲਾ ਸਣੇ 4 ਲੋਕਾਂ ਦੀ ਮੌਤ ਹੋ ਗਈ ਜਦਕਿ 23 ਹੋਰ ਲੋਕ ਜ਼ਖਮੀ ਹੋ ਗਏ। ਇਨ੍ਹਾਂ ਲੋਕਾਂ ਦੀ ਮੌਤ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਦੱਸੀ ਜਾ ਰਹੀ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ।

ਫਾਇਰ ਬ੍ਰਿਗੇਡ ਅਤੇ ਨਾਗਰਿਕ ਸੁਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਢਾਕਾ ਟ੍ਰਿਬਿਊਨ ਨੂੰ ਦੱਸਿਆ ਕਿ ਪੁਰਾਣੇ ਢਾਕਾ ਦੇ ਅਰਮਾਨੀਟੋਲਾ ਇਲਾਕੇ ਵਿਚ ਸਥਿਤ ਇਕ ਇਮਾਰਤ ਦੇ ਭੂ-ਤੱਲ 'ਤੇ ਤੜਕੇ 3 ਵਜੇ ਤੋਂ ਬਾਅਦ ਅੱਗ ਲੱਗੀ। ਉਨ੍ਹਾਂ ਆਖਿਆ ਕਿ ਭੂ-ਤੱਲ 'ਤੇ ਕਈ ਜਲਣਸ਼ੀਲ ਪਦਾਰਥਾਂ ਦਾ ਭੰਡਾਰ ਕੀਤਾ ਗਿਆ ਸੀ। ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਨੇ ਕਰੀਬ 3 ਘੰਟੇ ਦੀ ਮਸ਼ੱਕਤ ਤੋਂ ਬਾਅਦ ਸਵੇਰੇ 6 ਵਜੇ ਅੱਗ 'ਤੇ ਕਾਬੂ ਪਾਇਆ।

ਸਥਾਨਕ ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਅਜੇ ਸਾਰੇ ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਹੈ ਪਰ ਮ੍ਰਿਤਕਾਂ ਵਿਚ ਇਮਾਰਤ ਵਿਚ ਡਿਊਟੀ ਕਰਨ ਵਾਲਾ ਚੌਕੀਦਾਰ ਵੀ ਦੱਸਿਆ ਜਾ ਰਿਹਾ ਹੈ। ਮਰਨ ਵਾਲਿਆਂ ਵਿਚ 3 ਮਰਦ ਅਤੇ ਇਕ ਮਹਿਲਾ ਸ਼ਾਮਲ ਹੈ। ਰਾਹਤ ਮੁਹਿੰਮ ਦੌਰਾਨ ਕਈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। 'ਦਿ ਡੇਲੀ ਸਟਾਰ' ਦੀ ਰਿਪੋਰਟ ਵਿਚ ਕਿਹਾ ਗਿਆ ਕਿ ਘਟਨਾ ਵਿਚ ਕੁਲ 23 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਕਈਆਂ ਨੂੰ ਨੇੜੇ ਦੇ ਇਕ ਮੈਡੀਕਲ ਕਾਲਜ ਅਤੇ ਮਿਟਫੋਰਡ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਬੰਗਲਾਦੇਸ਼ ਫਾਇਰ ਬ੍ਰਿਗੇਡ ਦੇ ਡਾਇਰੈਕਟਰ ਜਨਰਲ ਸੱਜਾਦ ਹੁਸੈਨ ਨੇ ਕਿਹਾ ਕਿ ਅੱਗ ਦੇ ਕਾਰਣਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News