‘ਜਿਹਾਦੀਸਤਾਨ’ ਬਣਦਾ ਜਾ ਰਿਹਾ ਬੰਗਲਾਦੇਸ਼, ਮਦਰਸੇ ਫੈਲਾ ਰਹੇ ਨਫਰਤ : ਤਸਲੀਮਾ ਨਸਰੀਨ

Wednesday, Oct 20, 2021 - 01:21 PM (IST)

ਨਵੀਂ ਦਿੱਲੀ (ਭਾਸ਼ਾ)– ਬੰਗਲਾਦੇਸ਼ ’ਚ ਹਿੰਦੂ ਵਿਰੋਧੀ ਹਿੰਸਾ ਦੀਆਂ ਹਾਲੀਆ ਘਟਨਾਵਾਂ ਤੋਂ ਦੁਖੀ ਮਸ਼ਹੂਰ ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹੁਣ ਜਿਹਾਦੀਸਤਾਨ ਬਣਦਾ ਜਾ ਰਿਹਾ ਹੈ, ਜਿੱਥੇ ਸਰਕਾਰ ਆਪਣੇ ਸਿਆਸੀ ਫਾਇਦੇ ਲਈ ਮਜ਼ਹਬ ਦਾ ਇਸਤੇਮਾਲ ਕਰ ਰਹੀ ਹੈ ਅਤੇ ਮਦਰੱਸੇ ਕੱਟੜਪੰਥੀ ਪੈਦਾ ਕਰਨ ’ਚ ਲੱਗੇ ਹਨ।

ਬੰਗਲਾਦੇਸ਼ ਤੋਂ 28 ਸਾਲ ਪਹਿਲਾਂ ਕੱਢੀ ਗਈ ਤਸਲੀਮਾ ਨੇ ਕਿਹਾ ਕਿ ਮੈਂ ਇਸ ਨੂੰ ਹੁਣ ਬੰਗਲਾਦੇਸ਼ ਨਹੀਂ ਕਹਿੰਦੀ, ਇਹ ਜਿਹਾਦੀਸਤਾਨ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਇਸਲਾਮ ਨੂੰ ਰਾਜ ਧਰਮ ਬਣਾ ਦਿੱਤਾ, ਜਿਸ ਨਾਲ ਉਥੇ ਹਿੰਦੂਆਂ ਤੇ ਬੋਧੀਆਂ ਦੀ ਹਾਲਤ ਮਾੜੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਮਲਾਵਰਾਂ ਦੇ ਇਕ ਸਮੂਹ ਨੇ ਰੰਗਪੁਰ ਜ਼ਿਲੇ ਦੇ ਪੀਰਗੰਜ ਪਿੰਡ ’ਚ ਹਿੰਦੂਆਂ ਦੇ ਲਗਭਗ 29 ਘਰਾਂ ’ਚ ਅੱਗ ਲਗਾ ਦਿੱਤੀ ਸੀ। ਆਪਣੀ ਲੇਖਣ ਕਾਰਣ ਹਮੇਸ਼ਾ ਕੱਟੜਪੰਥੀਆਂ ਦੇ ਨਿਸ਼ਾਨੇ ’ਤੇ ਰਹੀ ਤਸਲੀਮਾ ਨੇ ਕਿਹਾ ਕਿ ਹਿੰਦੂ ਵਿਰੋਧੀ ਸੋਚ ਬੰਗਲਾਦੇਸ਼ ’ਚ ਨਵੀਂ ਨਹੀਂ ਹੈ ਅਤੇ ਇਹ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਦੁਰਗਾ ਪੂਜਾ ਦੌਰਾਨ ਹਿੰਦੂ ਘੱਟ-ਗਿਣਤੀਆਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਆਤਮਘਾਤੀ ਹਮਲਾਵਰਾਂ ਨੂੰ ਦੱਸਿਆ 'ਹੀਰੋ', ਉਹਨਾਂ ਦੇ ਪਰਿਵਾਰਾਂ ਨੂੰ ਜ਼ਮੀਨ ਦੇਣ ਦਾ ਕੀਤਾ ਵਾਅਦਾ

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਦਹਿਸ਼ਤ ਕਾਰਣ ਬਾਕੀ ਬਚੇ ਹਿੰਦੂ ਵੀ ਇਥੇ ਨਹੀਂ ਰਹਿਣਗੇ। ਵੰਡ ਦੇ ਸਮੇਂ ਉਥੇ 30 ਫੀਸਦੀ ਘੱਟ-ਗਿਣਤੀ ਸਨ, ਜੋ ਹੁਣ ਘਟ ਕੇ 9 ਫੀਸਦੀ ਰਹਿ ਗਏ ਹਨ ਤੇ ਆਉਣ ਵਾਲੇ ਸਮੇਂ ’ਚ ਹੋਰ ਘੱਟ ਹੋਣਗੇ। ਤਸਲੀਮਾ ਨੇ ਅਣਗਿਣਤ ਮਦਰੱਸਿਆਂ ਅਤੇ ਮਸਜਿਦਾਂ ਦੇ ਨਿਰਮਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬੰਗਲਾਦੇਸ਼ ’ਚ ਬਿਨਾਂ ਕਾਰਣ ਇੰਨੀਆਂ ਮਸਜਿਦਾਂ ਅਤੇ ਮਦਰੱਸੇ ਬਣਾਏ ਜਾ ਰਹੇ ਹਨ, ਜੋ ਅਨਪੜ੍ਹ ਗਰੀਬਾਂ ਨੂੰ ਇਸਲਾਮ ਦੇ ਨਾਂ ’ਤੇ ਕੱਟੜਪੰਥੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਰਾਨ ਅਰਬੀ ’ਚ ਹੈ ਅਤੇ ਹਰ ਕੋਈ ਇਸ ਨੂੰ ਪੜ ਨਹੀਂ ਸਕਦਾ, ਇਸ ਲਈ ਇਹ ਕੱਟੜਪੰਥੀ ਆਪਣੇ ਹਿਸਾਬ ਨਾਲ ਇਸ ਦੀ ਵਿਆਖਿਆ ਕਰਦੇ ਹਨ। ਅਜਿਹੇ ’ਚ ਜਦ ਕੁਰਾਨ ਦੀ ਨਿੰਦਾ ਦੀ ਅਫਵਾਹ ਫੈਲਦੀ ਹੈ ਤਾਂ ਇਹ ਲੋਕ ਮਰਨ-ਮਾਰਨ ’ਤੇ ਉੱਤਰ ਆਉਂਦੇ ਹਨ।

ਇਸ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗ੍ਰਹਿ ਮੰਤਰੀ ਅਸਦੁਜਮਾਨ ਖਾਨ ਨੂੰ ਦੁਰਗਾ ਪੂਜਾ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਮੰਦਿਰਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਧਰ ਅਮਰੀਕਾ ਨੇ ਬੰਗਲਾਦੇਸ਼ ’ਚ ਘੱਟ-ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ’ਤੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਧਰਮ ਚੁਣਨ ਦੀ ਆਜ਼ਾਦੀ, ਮਨੁੱਖੀ ਅਧਿਕਾਰ ਹੈ। ਦੁਨੀਆ ਦਾ ਹਰੇਕ ਵਿਅਕਤੀ ਫਿਰ ਭਾਵੇਂ ਉਹ ਕਿਸੇ ਵੀ ਧਰਮ ਜਾਂ ਆਸਥਾ ਨੂੰ ਮੰਣਨ ਵਾਲਾ ਹੋਵੇ, ਉਸ ਦਾ ਆਪਣੇ ਅਹਿਮ ਤਿਓਹਾਰ ਮਨਾਉਣ ਲਈ ਸੁਰੱਖਿਅਤ ਮਹਿਸੂਸ ਕਰਨਾ ਜ਼ਰੂਰੀ ਹੈ।

ਨੋਟ- ਤਸਲੀਮਾ ਨਸਰੀਨ ਦੇ ਵਿਚਾਰਾਂ ਪ੍ਰਤੀ ਆਪਣੀ ਰਾਏ ਕੁਮੈਂਟ ਕਰ ਦਿਓ।


Vandana

Content Editor

Related News