ਬੰਗਲਾਦੇਸ਼ : ਸ਼ੇਖ ਹਸੀਨਾ ਨੂੰ ਧਮਕੀ ਦੇਣ ਵਾਲੇ ਨੇਤਾ ਨੂੰ ਹੋਈ ਜੇਲ

10/31/2019 12:59:15 PM

ਢਾਕਾ (ਬਿਊਰੋ) : ਬੰਗਲਾਦੇਸ਼ ਵਿਚ ਵਿਰੋਧੀ ਧਿਰ ਦੇ ਇਕ ਨੇਤਾ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਪਿਛਲੇ ਸਾਲ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬੰਗਲਾਦੇਸ਼ ਦੀ ਨੈਸ਼ਨਲਿਸਟ ਪਾਰਟੀ (ਪੀ.ਐੱਨ.ਪੀ.) ਦੇ ਉਪ ਪ੍ਰਧਾਨ ਗਿਆਸੁਦੀਨ ਕਾਦਰ ਚੌਧਰੀ ਨੂੰ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਚਿਤਾਗੋਂਗ ਦੀ ਇਕ ਅਦਾਲਤ ਨੇ 3 ਸਾਲ ਜੇਲ ਦੀ ਸਜ਼ਾ ਸੁਣਾਈ।

ਅਦਾਲਤ ਨੇ ਬੀ.ਐੱਨ.ਪੀ. ਨੇਤਾ 'ਤੇ 5,000 ਬੰਗਲਾਦੇਸ਼ੀ ਟਕਾ ਦਾ ਜ਼ੁਰਮਾਨਾ ਵੀ ਲਗਾਇਆ ਹੈ। ਜੇਕਰ ਉਹ ਜ਼ੁਰਮਾਨੇ ਦੀ ਰਾਸ਼ੀ ਨਹੀਂ ਭਰਦੇ ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਹੋਰ ਜੇਲ ਦੀ ਸਜ਼ਾ ਕੱਟਣੀ ਪਵੇਗੀ। ਇਹ ਜਾਣਕਾਰੀ ਵਧੀਕ ਸਰਕਾਰੀ ਵਕੀਲ ਸਮੀਰ ਦਾਸ ਗੁਪਤਾ ਨੇ ਦਿੱਤੀ। ਪਿਛਲੇ ਸਾਲ 29 ਮਈ ਨੂੰ ਚੌਧਰੀ ਨੇ ਕਥਿਤ ਤੌਰ 'ਤੇ ਇਕ ਸਮਾਰੋਹ ਵਿਚ ਕਿਹਾ ਸੀ ਕਿ ਹਸੀਨਾ ਦੀ ਕਿਸਮਤ ਉਸ ਦੇ ਪਿਤਾ ਅਤੇ ਦੇਸ਼ ਦੇ ਸੰਸਥਾਪਕ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਦੀ ਤੁਲਨਾ ਵਿਚ ਬਦਤਰ ਹੋ ਜਾਵੇਗੀ, ਜਿਨ੍ਹਾਂ ਦੀ 1975 ਵਿਚ ਹੱਤਿਆ ਕਰ ਦਿੱਤੀ ਗਈ ਸੀ। 

ਅਗਲੇ ਦਿਨ ਸੱਤਾਧਾਰੀ ਪਾਰਟੀ ਅਵਾਮੀ ਲੀਗ ਦੇ ਫਤਿਕਛਾਰੀ ਇਕਾਈ ਦੇ ਜਨਰਲ ਸਕੱਤਰ ਨਜੀਮੁਦੀਨ ਮੁਹੁਰੀ ਨੇ ਬੀ.ਐੱਨ.ਪੀ. ਨੇਤਾ ਦੀ ਕਥਿਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਵਿਰੁੱਧ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਸੀ। ਅਦਾਲਤ ਨੇ ਉਸੇ ਸਾਲ 31 ਮਈ ਨੂੰ ਚੌਧਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।


Vandana

Content Editor

Related News