ਪਾਕਿਸਤਾਨ ''ਚ ਲਾਈਵ TV ਸ਼ੋਅ ''ਚ ਬੂਟ ਦਿਖਾਉਣ ਵਾਲੇ ਮੰਤਰੀ ''ਤੇ ਲੱਗਾ ਬੈਨ

01/18/2020 2:19:01 AM

ਇਸਲਾਮਾਬਾਦ - ਪਾਕਿਸਤਾਨ 'ਚ ਲਾਈਵ ਟੀ. ਵੀ. ਸ਼ੋਅ ਦੌਰਾਨ ਬੂਟ ਦਿਖਾਉਣ ਵਾਲੇ ਮੰਤਰੀ 'ਤੇ ਬੈਨ ਲਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਹੈ ਕਿ ਉਨ੍ਹਾਂ ਦੇ ਮੰਤਰੀ ਫੈਸਲ ਵਾਵਦਾ 2 ਹਫਤੇ ਤੱਕ ਕਿਸੇ ਟੀ. ਵੀ. ਸ਼ੋਅ 'ਚ ਸ਼ਾਮਲ ਨਹੀਂ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਮੰਤਰੀ ਤੋਂ ਅਜਿਹੀ ਹਰਕਤ ਲਈ ਜਵਾਬ ਵੀ ਮੰਗਿਆ ਗਿਆ ਹੈ। ਨਾਲ ਹੀ ਜਿਸ ਸ਼ੋਅ 'ਚ ਮੰਤਰੀ ਨੇ ਬੂਟ ਦਿਖਾਇਆ ਉਸ 'ਤੇ ਵੀ 2 ਮਹੀਨੇ ਲਈ ਬੈਨ ਲਾ ਦਿੱਤਾ ਗਿਆ ਹੈ।

ਚੈਨਲ 'ਤੇ ਲੱਗ ਸਕਦੈ ਬੈਨ
ਜ਼ਿਕਰਯੋਗ ਹੈ ਕਿ ਸਰਕਾਰ ਏ. ਆਰ. ਵਾਈ. ਟੀ. ਵੀ. 'ਤੇ ਵੀ ਬੈਨ ਲਾਉਣ ਦੀ ਤਿਆਰੀ 'ਚ ਹੈ। ਇਸੇ ਚੈਨਲ 'ਤੇ ਇਹ ਸ਼ੋਅ ਟੈਲੀਕਾਸਟ ਕੀਤਾ ਗਿਆ ਸੀ। ਮੀਡੀਆ ਰਿਪੋਰਟਸ ਮੁਤਾਬਕ ਏ. ਆਰ. ਵਾਈ. ਦੇ ਟੀ. ਵੀ. ਸ਼ੋਅ 'ਆਫ ਦਿ ਰਿਕਾਰਡ' ਨੂੰ 2 ਮਹੀਨਿਆਂ ਲਈ ਬੈਨ ਕਰ ਦਿੱਤਾ ਗਿਆ ਹੈ। ਆਖਿਆ ਜਾ ਰਿਹਾ ਹੈ ਚੈਨਲ ਨੇ ਜੇਕਰ ਇਸ ਸ਼ੋਅ ਨੂੰ ਫਿਲਹਾਲ ਬੰਦ ਨਹੀਂ ਕੀਤਾ ਤਾਂ ਇਸ ਦਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ।

ਕੀ ਹੋਇਆ ਸੀ ਸ਼ੋਅ 'ਚ
ਲਾਈਵ ਟੀ. ਵੀ. ਸ਼ੋਅ ਦੌਰਾਨ ਵਾਦਵਾ, ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਪਾਰਟੀ 'ਤੇ ਲਗਾਤਾਰ ਨਿਸ਼ਾਨੇ ਵਿੰਨ੍ਹ ਰਹੇ ਸਨ। ਪੀ. ਐੱਮ. ਐੱਲ. (ਐੱਨ.) ਦੇ ਮੈਂਬਰ ਜਾਵੇਦ ਅੱਬਾਸੀ ਅਤੇ ਪੀ. ਪੀ. ਪੀ. ਨੇਤਾ ਕਮਰ ਜ਼ਮਾਨ ਇਸ ਸ਼ੋਅ 'ਚ ਮਹਿਮਾਨ ਦੇ ਤੌਰ 'ਤੇ ਆਏ ਸਨ। ਬਹਿਸ ਦੌਰਾਨ ਗੱਲ ਇੰਨੀ ਵਧ ਗਈ ਕਿ ਇਮਰਾਨ ਦੇ ਮੰਤਰੀ ਨੇ ਬੂਟ ਕੱਢ ਕੇ ਟੇਬਲ 'ਤੇ ਰੱਖ ਦਿੱਤਾ। ਨਾਲ ਹੀ ਉਸ ਨੇ ਆਖਿਆ ਕਿ ਹੁਣ ਉਹ ਹਰ ਵਾਰ ਟੀ. ਵੀ. ਸ਼ੋਅ 'ਚ ਬੂਟ ਲੈ ਕੇ ਆਉਣਗੇ।

ਟੇਬਲ 'ਤੇ ਰੱਖਿਆ ਬੂਟ
ਮੰਤਰੀ ਨੇ ਨਵਾਜ਼ ਸ਼ਰੀਫ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਆਪਣੇ ਚੋਰ ਨੂੰ ਬਚਾਉਣ ਅਤੇ ਦੇਸ਼ 'ਚੋਂ ਭਜਾਉਣ ਲਈ ਤੁਸੀਂ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ। ਤੁਸੀਂ ਜੋ ਲੇਟ ਕੇ (ਲੰਮੇ ਪੈ ਕੇ), ਚੁੰਮ ਕੇ ਬੂਟ ਨੂੰ ਇਜਾਜ਼ਤ ਦਿੱਤੀ ਹੈ। ਤੁਸੀਂ ਇਸ ਬੂਟ ਦੇ ਸਾਹਮਣੇ ਵੀ ਸਿਰ ਝੁਕਾ ਸਕਦੇ ਹੋ ਅਤੇ ਸਨਮਾਨ ਦੇ ਸਕਦੇ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਦੌਰਾਨ ਹੀ ਬੂਟ ਕੱਢ ਕੇ ਟੇਬਲ 'ਤੇ ਰੱਖ ਦਿੱਤਾ।


Khushdeep Jassi

Content Editor

Related News