ਬਲੋਚਿਸਤਾਨ ''ਚ ਮਾਰੇ ਗਏ 115 ਬਾਗੀ ! ਵੱਡੀ ਮਾਤਰਾ ''ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ
Monday, Aug 10, 2026 - 02:29 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਚਲਾਈਆਂ ਗਈਆਂ ਮੁਹਿੰਮਾਂ ਦੌਰਾਨ 15 ਬਾਗ਼ੀਆਂ ਨੂੰ ਮਾਰ ਦਿੱਤਾ ਹੈ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਰਕਾਰੀ ਮੀਡੀਆ ਅਨੁਸਾਰ, ਬਲੋਚਿਸਤਾਨ ਦੇ ਮਸਤੁੰਗ, ਬੋਲਾਨ, ਵਾਸ਼ੁਕ, ਆਵਾਰਾਨ, ਸਿਬੀ, ਖੁਜ਼ਦਾਰ, ਹਰਨਾਈ ਅਤੇ ਨੁਸ਼ਕੀ ਇਲਾਕਿਆਂ ਵਿਚ ਇਕ ਹਫ਼ਤੇ ਤੱਕ ਚਲਾਈ ਗਈ ਮੁਹਿੰਮ ‘ਆਪ੍ਰੇਸ਼ਨ ਰੱਦ-ਉਲ-ਫਿਤਨਾ-3’ ਦੌਰਾਨ ਇਨ੍ਹਾਂ ਬਾਗ਼ੀਆਂ ਨੂੰ ਢੇਰ ਕੀਤਾ ਗਿਆ। ਮਾਰੇ ਗਏ ਬਾਗ਼ੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ।
ਪਾਕਿਸਤਾਨ ਟੀ.ਵੀ. ਨੇ ਕਿਹਾ, ‘ਇਸ ਮੁਹਿੰਮ ਵਿਚ ਖਵਾਰਿਜ ਨੈੱਟਵਰਕ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਗਿਆ ਹੈ।’ ‘ਖਵਾਰਿਜ’ ਸ਼ਬਦ ਦੀ ਵਰਤੋਂ ਪਾਕਿਸਤਾਨ ਸਰਕਾਰ ਪਾਬੰਦੀਸ਼ੁਦਾ ਸੰਗਠਨਾਂ ਲਈ ਕਰਦੀ ਹੈ। ਬਾਗ਼ੀ ਗੁੱਟਾਂ ਦੇ ਕਈ ਹਮਲਿਆਂ (ਖ਼ਾਸਕਰ 6 ਜੁਲਾਈ ਨੂੰ ਜ਼ਿਆਰਤ ਵਿਚ 27 ਪੁਲਸ ਮੁਲਾਜ਼ਮਾਂ ਦੀ ਮੌਤ ਦੀ ਘਟਨਾ ਤੋਂ ਬਾਅਦ) ਤੋਂ ਬਾਅਦ ਫ਼ੌਜ ਸਮੇਤ ਸੁਰੱਖਿਆ ਫੋਰਸਾਂ ਪਿਛਲੇ ਮਹੀਨੇ ਤੋਂ ਬਲੋਚਿਸਤਾਨ ਵਿਚ ਉਨ੍ਹਾਂ ਦੇ ਖ਼ਿਲਾਫ਼ ਮੁਹਿੰਮਾਂ ਚਲਾ ਰਹੀਆਂ ਹਨ।
