ਬਲੋਚਿਸਤਾਨ ਵਿੱਚ ਨਾਗਰਿਕਾਂ ਨੂੰ ਜਬਰਨ ਲਾਪਤਾ ਕਰਨ ਦੇ ਮਾਮਲੇ ਵਧੇ, ਪਰਿਵਾਰਾਂ ਵਿੱਚ ਭਾਰੀ ਚਿੰਤਾ
Thursday, Sep 24, 2026 - 12:30 PM (IST)
ਇੰਟਰਨੈਸ਼ਨਲ ਡੈਸਕ- ਬਲੋਚਿਸਤਾਨ ਵਿੱਚ ਜਬਰਨ ਲਾਪਤਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿੱਥੇ ਕੇਚ ਜ਼ਿਲ੍ਹੇ ਵਿੱਚ ਇੱਕ ਹੋਰ ਵਿਅਕਤੀ ਨੂੰ ਜਬਰਨ ਲਾਪਤਾ ਕੀਤੇ ਜਾਣ ਦਾ ਇਲਾਜ਼ਾਮ ਲੱਗਿਆ ਹੈ, ਉੱਥੇ ਹੀ ਇੱਕ ਹੋਰ ਲਾਪਤਾ ਵਿਅਕਤੀ ਦੇ ਪਰਿਵਾਰ ਨੇ ਕਵੇਟਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਉਸ ਦੀ ਸੁਰੱਖਿਅਤ ਰਿਹਾਈ ਦੀ ਮੰਗ ਕੀਤੀ ਹੈ।
ਸਥਾਨਕ ਸਰੋਤਾਂ ਅਨੁਸਾਰ, ਕੇਚ ਜ਼ਿਲ੍ਹੇ ਦੇ ਬਿਲਨਾਗੋਰ (ਸੋਰਕ) ਦੇ ਰਹਿਣ ਵਾਲੇ ਅਬਦੁੱਲਾ (ਪੁੱਤਰ ਬਿਲਾਰ) ਨੂੰ ਐਤਵਾਰ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਦੁਆਰਾ ਹਿਰਾਸਤ ਵਿੱਚ ਲੈ ਕੇ ਜਬਰਨ ਲਾਪਤਾ ਕਰ ਦਿੱਤਾ ਗਿਆ। ਉਸ ਦੇ ਥਹੁ-ਪਤੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।
ਇਸ ਦੌਰਾਨ, 'ਵਾਇਸ ਫ਼ਾਰ ਬਲੋਚ ਮਿਸਿੰਗ ਪਰਸਨਜ਼' ਵਲੋਂ ਜਬਰਨ ਲਾਪਤਾ ਕੀਤੇ ਜਾਣ ਦੀਆਂ ਘਟਨਾਵਾਂ ਵਿਰੁੱਧ ਲਗਾਇਆ ਗਿਆ ਧਰਨਾ ਕਵੇਟਾ ਪ੍ਰੈੱਸ ਕਲੱਬ ਦੇ ਬਾਹਰ ਸੰਸਥਾ ਦੇ ਚੇਅਰਮੈਨ ਨਸਰੁੱਲਾ ਬਲੋਚ ਦੀ ਅਗਵਾਈ ਹੇਠ 6,365ਵੇਂ ਦਿਨ ਵੀ ਜਾਰੀ ਰਿਹਾ।
ਧਰਨੇ ਦੌਰਾਨ ਗੁਲਾਮ ਹੈਦਰ ਕੁਰਦ ਦੇ ਪਰਿਵਾਰ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਸ ਦੇ ਜਬਰਨ ਲਾਪਤਾ ਹੋਣ 'ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਪਰਿਵਾਰ ਮੁਤਾਬਕ, ਗੁਲਾਮ ਹੈਦਰ ਕੁਰਦ (ਪੁੱਤਰ ਜੁੰਮਾ ਖਾਨ) ਨੂੰ 12 ਮਾਰਚ 2026 ਨੂੰ ਕਵੇਟਾ ਦੇ ਈਸਟਰਨ ਬਾਈਪਾਸ ਨੇੜੇ ਕਿੱਲੀ ਪੀਰਕਾਨੀ ਦੀ ਗਲੀ ਨੰਬਰ 19 ਤੋਂ ਕਾਊਂਟਰ-ਟੈਰਰਿਜ਼ਮ ਡਿਪਾਰਟਮੈਂਟ ਅਤੇ ਹੋਰ ਏਜੰਸੀਆਂ ਦੇ ਕਰਮਚਾਰੀਆਂ ਵਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸ ਤੋਂ ਬਾਅਦ ਉਸ ਨੂੰ ਕਿਸੇ ਅਣਦੱਸੀ ਜਗ੍ਹਾ 'ਤੇ ਲੈ ਜਾਇਆ ਗਿਆ ਅਤੇ ਉਹ ਤੱਦ ਤੋਂ ਲਾਪਤਾ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਭਾਲ ਲਈ ਸੰਬੰਧਿਤ ਪੁਲਸ ਸਟੇਸ਼ਨ ਅਤੇ ਉੱਚ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕੀਤਾ। ਹਾਲਾਂਕਿ, ਉਨ੍ਹਾਂ ਨੂੰ ਨਾ ਤਾਂ ਹਿਰਾਸਤ ਦੇ ਕਾਰਨਾਂ ਬਾਰੇ ਦੱਸਿਆ ਗਿਆ ਅਤੇ ਨਾ ਹੀ ਉਸ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਦਿੱਤੀ ਗਈ।
ਪ੍ਰੈੱਸ ਕਾਨਫ਼ਰੰਸ ਵਿੱਚ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਲਾਮ ਹੈਦਰ ਦੀ ਮਾਂ, ਭੈਣ, ਭਰਾ ਅਤੇ ਹੋਰ ਰਿਸ਼ਤੇਦਾਰ ਉਸ ਦੇ ਲਾਪਤਾ ਹੋਣ ਕਾਰਨ ਗੰਭੀਰ ਮਾਨਸਿਕ ਤਣਾਅ 'ਚੋਂ ਲੰਘ ਰਹੇ ਹਨ ਅਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਉਸ ਦੀ ਸੁਰੱਖਿਅਤ ਅਤੇ ਤੁਰੰਤ ਰਿਹਾਈ ਦੀ ਮੰਗ ਕੀਤੀ। ਪਰਿਵਾਰ ਨੇ ਅੱਗੇ ਕਿਹਾ ਕਿ ਜੇਕਰ ਉਸ 'ਤੇ ਕੋਈ ਇਲਜ਼ਾਮ ਹਨ, ਤਾਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਉਸ ਨੂੰ ਆਪਣਾ ਬਚਾਅ ਕਰਨ ਦਾ ਹੱਕ ਦਿੱਤਾ ਜਾਵੇ। ਪਰਿਵਾਰ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਗੁਲਾਮ ਹੈਦਰ ਕੁਰਦ ਦੇ ਕੇਸ ਨੂੰ ਚੁੱਕਣ ਅਤੇ ਜਬਰਨ ਲਾਪਤਾ ਕੀਤੇ ਜਾਣ ਦੇ ਇਸ ਮਾਮਲੇ ਬਾਰੇ ਜਾਗਰੂਕਤਾ ਫੈਲਾਉਣ 'ਚ ਮਦਦ ਕਰਨ।
ਬਲੋਚਿਸਤਾਨ ਵਿੱਚ ਜਬਰਨ ਲਾਪਤਾ ਕਰਨਾ ਇੱਕ ਲੰਮੇ ਸਮੇਂ ਤੋਂ ਚੱਲ ਰਿਹਾ ਗੰਭੀਰ ਮੁੱਦਾ ਹੈ। ਪਰਿਵਾਰ, ਮਾਨਵ ਅਧਿਕਾਰ ਸਮੂਹ ਅਤੇ ਸਿਆਸੀ ਸੰਗਠਨ ਸਾਲਾਂ ਤੋਂ ਇਹ ਇਲਜ਼ਾਮ ਲਗਾਉਂਦੇ ਆ ਰਹੇ ਹਨ ਕਿ ਪਾਕਿਸਤਾਨੀ ਬਲਾਂ ਅਤੇ ਖ਼ੁਫ਼ੀਆ ਏਜੰਸੀਆਂ ਵਲੋਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਗੁਪਤ ਥਾਵਾਂ 'ਤੇ ਰੱਖਿਆ ਜਾਂਦਾ ਹੈ, ਜਦਕਿ ਪ੍ਰਸ਼ਾਸਨ ਅਜਿਹੇ ਮਾਮਲਿਆਂ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ। ਮਾਨਵ ਅਧਿਕਾਰ ਖੋਜਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਡਰ, ਸੁਰੱਖਿਆ ਬਲਾਂ ਦੇ ਦਬਾਅ ਅਤੇ ਹੋਰ ਰੁਕਾਵਟਾਂ ਕਾਰਨ ਕਈ ਮਾਮਲੇ ਲੰਮੇ ਸਮੇਂ ਤੱਕ ਰਿਪੋਰਟ ਹੀ ਨਹੀਂ ਹੋ ਪਾਉਂਦੇ।
