ਮੈਡੀਕਲ ਕਾਲਜ ਦੀ ਛੱਤ ਤੋਂ ਮਿਲੀਆਂ ਲਾਸ਼ਾਂ ਦੀ ਬਲੋਚ ਨੈਸ਼ਨਲ ਮੂਵਮੈਂਟ ਨੇ UN ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

10/16/2022 8:05:51 PM

ਗੁਰਦਾਸਪੁਰ/ਮੁਲਤਾਨ (ਵਿਨੋਦ)-ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਨਿਸ਼ਤਰ ਯੂਨੀਵਰਸਿਟੀ ਕਮ ਮੈਡੀਕਲ ਕਾਲਜ ਦੀ ਛੱਤ ਤੇ ਕਮਰਿਆਂ ਤੋਂ ਮਿਲੀਆਂ ਲਾਸ਼ਾਂ ਸਬੰਧੀ ਪਾਕਿਸਤਾਨ ’ਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਬਲੂਚ ਨੈਸ਼ਨਲ ਮੂਵਮੈਂਟ ਨੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਹੈ ਕਿ ਉਹ ਆਪਣਾ ਇਕ ਜਾਂਚ ਪ੍ਰਤੀਨਿਧੀ ਮੰਡਲ ਮੁਲਤਾਨ ਭੇਜੇ ਕਿਉਂਕਿ ਇਨ੍ਹਾਂ ਮਿਲੀਆਂ ਲਾਸ਼ਾਂ ’ਚ ਜ਼ਿਆਦਾਤਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਹਨ, ਜਿਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਬਲੂਚਿਸਤਾਨ ਤੋਂ ਅਗਵਾ ਕਰਕੇ ਲਾਪਤਾ ਕਰ ਦਿੱਤਾ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਹੋ ਸਕਦਾ ਹੈ ਕਿ ਇਨ੍ਹਾਂ ਲਾਸ਼ਾਂ ’ਚ ਕੁਝ ਅਜਿਹੀਆਂ ਵੀ ਲਾਸ਼ਾਂ ਹੋਣ, ਜੋ ਭਾਰਤੀ ਕਸ਼ਮੀਰ ਤੋਂ ਕਬਰਿਸਤਾਨਾਂ ਤੋਂ ਚੋਰੀ ਕਰਕੇ ਪਾਕਿਸਤਾਨ ਲਿਆਂਦੀਆ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਵਿਧਾਇਕਾ ਨਰਿੰਦਰ ਭਰਾਜ ਦੇ ਵਿਆਹ ਦੀ ਰਿਸੈਪਸ਼ਨ ’ਚ ਲੱਗੀਆਂ ਰੌਣਕਾਂ (ਦੇਖੋ ਤਸਵੀਰਾਂ)

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਬਲੋਚ ਨੈਸ਼ਨਲ ਮੂਵਮੈਂਟ ਦੇ ਬੁਲਾਰੇ ਅਲਹਾ ਨਜਰ ਬਲੋਚ ਨੇ ਦੋਸ਼ ਲਾਇਆ ਕਿ ਮੁਲਤਾਨ ਮੈਡੀਕਲ ਕਾਲਜ ਦੀ ਛੱਤ ਤੋਂ 500 ਤੋਂ ਵੱਧ ਲਾਸ਼ਾਂ ਮਿਲਣਾ ਆਪਣੇ ਆਪ ’ਚ ਚਿੰਤਾ ਦਾ ਵਿਸ਼ਾ ਹੈ। ਇੰਨੀ ਵੱਡੀ ਗਿਣਤੀ ’ਚ ਲਾਸ਼ਾਂ ਦਾ ਮਿਲਣਾ ਸਾਬਤ ਕਰਦਾ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਕਾਲਜ ਦੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਹ ਲਾਸ਼ਾਂ ਭਾਰਤੀ ਕਸ਼ਮੀਰ ਦੇ ਕਬਰਿਸਤਾਨ ’ਚੋਂ ਚੋਰੀ ਕਰਕੇ ਪਾਕਿਸਤਾਨ ਦੇ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਲਿਆਂਦੀਆਂ ਜਾਂਦੀਆਂ ਹਨ ਪਰ ਅਜਿਹੇ ’ਚ ਵੱਡੀ ਗਿਣਤੀ ਵਿਚ ਭਾਰਤੀ ਕਸ਼ਮੀਰ ਤੋਂ ਲਾਸ਼ਾਂ ਲਿਆਉਣਾ ਇੰਨ੍ਹਾ ਆਸਾਨ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਪਰਾਲੀ ਨੂੰ ਲਾਈ ਅੱਗ ’ਚੋਂ ਨਿਕਲੇ ਧੂੰਏਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੀ ਗਈ ਜਾਨ

ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਬਲੋਚਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਜਿਸ ਤਰ੍ਹਾਂ ਅਗਵਾ ਕਰਕੇ ਲਾਪਤਾ ਕਰ ਰਹੀ ਹੈ, ਉਸ ਤੋਂ ਸ਼ੱਕ ਹੈ ਕਿ ਇਹ ਲਾਸ਼ਾਂ ਬਲੋਚਿਸਤਾਨ ਤੋਂ ਅਗਵਾ ਕੀਤੇ ਗਏ ਲੋਕਾਂ ਦੀਆਂ ਹਨ। ਬਲੂਚ ਆਗੂ ਨੇ ਦੋਸ਼ ਲਾਇਆ ਕਿ ਪਾਕਿਸਤਾਨ ’ਚ ਜਿਸ ਤਰੀਕੇ ਨਾਲ ਇਸ ਮਾਮਲੇ ਨੂੰ ਦਬਾਇਆ ਗਿਆ ਹੈ ਅਤੇ ਮੀਡੀਆ ਨੂੰ ਇਸ ਸਬੰਧੀ ਕੋਈ ਰੌਲਾ-ਰੱਪਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਸ ਨਾਲ ਕਈ ਖ਼ਦਸ਼ੇ ਪੈਦਾ ਹੋਣੇ ਸੁਭਾਵਿਕ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਪੂਰੀ ਈਮਾਨਦਾਰੀ ਨਾਲ ਜਾਂਚ ਕਰਵਾਈ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ ਕਿਉਂਕਿ ਇਨ੍ਹਾਂ ਲਾਸ਼ਾਂ ਦੀ ਵਿਕਰੀ ਕਾਲਜ ਦੇ ਰਿਕਾਰਡ ’ਚ ਕਿਤੇ ਵੀ ਦਰਜ ਨਹੀਂ ਹੈ। ਫਿਰ ਇੰਨੀ ਵੱਡੀ ਗਿਣਤੀ ’ਚ ਲਾਸ਼ਾਂ ਦਾ ਇਕੱਠੇ ਮਿਲਣਾ ਆਪਣੇ ਆਪ ’ਚ ਇਕ ਸਵਾਲ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਹੈ ਕਿ ਉਹ ਇਕ ਜਾਂਚ ਟੀਮ ਮੁਲਤਾਨ ਭੇਜੇ ਤਾਂ ਜੋ ਮਾਮਲੇ ਦੀ ਜਾਂਚ ਕਰਵਾ ਕੇ ਸੱਚਾਈ ਦੁਨੀਆ ਦੇ ਸਾਹਮਣੇ ਲਿਆਂਦੀ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੈਰ-ਮਨੁੱਖੀ ਢੰਗ ਨਾਲ ਲਾਸ਼ਾਂ ਨੂੰ ਕਾਲਜ ਦੀ ਛੱਤ ’ਤੇ ਸੁੱਟਿਆ ਗਿਆ, ਉਹ ਵੀ ਕਾਨੂੰਨ ਅਤੇ ਇਸਲਾਮ ਦੀਆਂ ਨਜ਼ਰਾਂ ’ਚ ਅਪਰਾਧ ਹੈ। ਸਰਕਾਰ ਦਾ ਇਹ ਦਾਅਵਾ ਕਿ ਇਹ ਲਾਸ਼ਾਂ ਲਾਵਾਰਿਸ ਲੋਕਾਂ ਦੀਆਂ ਹਨ, ਵੀ ਗ਼ਲਤ ਸਾਬਤ ਹੁੰਦਾ ਹੈ ਕਿਉਂਕਿ ਰਿਕਾਰਡ ਅਨੁਸਾਰ ਪੰਜਾਬ ’ਚ ਇਕ ਸਾਲ ਦੌਰਾਨ 161 ਲਾਵਾਰਿਸ ਲਾਸ਼ਾਂ ਮਿਲੀਆਂ ਹਨ, ਜਦਕਿ ਇਨ੍ਹਾਂ ਲਾਸ਼ਾਂ ਦੀ ਗਿਣਤੀ 500 ਤੋਂ ਵੱਧ ਹੈ।
 


Manoj

Content Editor

Related News